Gulabchand Kataria: ਪੰਜਾਬ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸਰਹੱਦੀ ਇਲਾਕੇ ਤੋਂ ਅੱਜ ਆਪਣੀ ਪਦ ਯਾਤਰਾ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਕਰਤਾਰਪੁਰ ਕੋਰੀਡੋਰ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋਈ ਇਹ ਨਸ਼ਾ ਵਿਰੋਧੀ ਪੈਦਲ ਯਾਤਰਾ ਸ਼ਹੀਦਾਂ ਦੀ ਧਰਤੀ ਅੰਮ੍ਰਿਤਸਰ ਵਿੱਚ ਸਮਾਪਤ ਹੋਵੇਗੀ।
ਇਸ ਮੌਕੇ 'ਤੇ ਉਹਨਾਂ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਨਸ਼ਿਆਂ ਦਾ ਖਾਤਮਾ ਕਰਨ ਦੀ ਸਹੁੰ ਖਾ ਕੇ ਅੱਗੇ ਵਧਣ ਦੀ ਲੋੜ ਹੈ। ਇਸ ਮੌਕੇ 'ਤੇ ਉਹਨਾਂ ਕਿਹਾ ਕਿ ਨੌਜਵਾਨ ਨਸ਼ਿਆਂ ਕਾਰਨ ਕਮਜ਼ੋਰ ਹੁੰਦਾ ਜਾ ਰਿਹਾ ਹੈ। ਇਸ ਲਈ ਨਸ਼ਾ ਮੁਕਤ ਸਮਾਜ ਸਮੇਂ ਦੀ ਮੰਗ ਹੈ ਅਤੇ ਇਸ ਨਸ਼ਿਆਂ ਦੇ ਖਾਤਮੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਇਸ ਮੌਕੇ 'ਤੇ ਬੀਐਸਐਫ, ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ, ਲੈਂਡਪੋਟ ਅਥਾਰਟੀ ਆਫ ਇੰਡੀਆ, ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਇਲਾਕੇ ਦੀਆਂ ਸ਼ਖਸੀਅਤਾਂ ਹਾਜ਼ਰ ਸਨ।
ਰਾਜਪਾਲ ਇਹ ਯਾਤਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਤੋਂ ਆਰੰਭ ਹੋਈ ਅਤੇ ਇਹ 8 ਅਪ੍ਰੈਲ ਨੂੰ ਜੱਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਵਿਖੇ ਸਮਾਪਤ ਹੋਵੇਗੀ। ਰਾਜਪਾਲ ਵੱਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਸੀ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦੀ ਇਸ ਅਲਾਮਤ ਨਾਲ ਨਜਿੱਠਣ ਦੀ ਤਰਜੀਹ ਹੈ। ਉਨ੍ਹਾਂ ਖ਼ੁਦ ਵੀ ਇਸ ਬਾਰੇ ਵੱਖ ਵੱਖ ਵਰਗਾਂ ਦੀਆਂ ਸੀਨੀਅਰ ਹਸਤੀਆਂ ਨਾਲ ਗੱਲਬਾਤ ਕੀਤੀ ਹੈ।
ਰਾਜਪਾਲ ਨੇ ਲਿਖਿਆ ਹੈ ਕਿ ਇਸ ਮੁਹਿੰਮ ਵਾਸਤੇ ਸਭ ਨੂੰ ਸਾਂਝੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾ ਸਕੀਏ। ਪਦ ਯਾਤਰਾ 3 ਅਪ੍ਰੈਲ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਤੋਂ ਗੁਰਦੁਆਰਾ ਟਾਹਲੀ ਸਾਹਿਬ ਤੱਕ ਜਾਵੇਗੀ ਅਤੇ 4 ਅਪ੍ਰੈਲ ਨੂੰ ਡਿਵਾਈਨ ਪਬਲਿਕ ਸਕੂਲ ਮੱਲੇਵਾਲ ਤੋਂ ਐੱਸਡੀ ਕਾਲਜ ਆਫ਼ ਗਰਲਜ਼ ਫ਼ਤਿਹਗੜ੍ਹ ਚੂੜੀਆਂ ਤੱਕ ਜਾਵੇਗੀ। ਪਦ ਯਾਤਰਾ 5 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਨਵਾਂ ਪਿੰਡ ਤੋਂ ਸ਼ੁਰੂ ਹੋ ਕੇ ਸੰਗਤਪੁਰਾ ਤੱਕ ਜਾਵੇਗੀ। ਇਸੇ ਤਰ੍ਹਾਂ ਪਦ ਯਾਤਰਾ 6 ਅਪ੍ਰੈਲ ਨੂੰ ਚੇਤੰਨ ਪੁਰਾ ਪਾਰਕ ਤੋਂ ਬਾਲ ਖ਼ੁਰਦ ਤੱਕ, 7 ਅਪ੍ਰੈਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਰਾਮ ਬਾਗ਼ ਗਾਰਡਨ ਅੰਮ੍ਰਿਤਸਰ ਤੱਕ ਅਤੇ ਆਖ਼ਰੀ ਦਿਨ 8 ਅਪ੍ਰੈਲ ਨੂੰ ਕਿਲ੍ਹਾ ਗੋਬਿੰਦਗੜ੍ਹ ਤੋਂ ਜੱਲ੍ਹਿਆਂਵਾਲਾ ਬਾਗ਼ ਤੱਕ ਜਾਵੇਗੀ।