Dera Bassi News: ਬੀਤੇ ਦਿਨੀ ਡੇਰਾਬੱਸੀ ਹਸਪਤਾਲ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਪੁਲਿਸ ਨੇ ਰਣਜੀਤ ਸਿੰਘ ਮਿੰਟਾ ਗੁੱਜਰ ਦੀ ਸ਼ਿਕਾਇਤ 'ਤੇ 17 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸ਼ੁੱਕਰਵਾਰ ਦੇਰ ਰਾਤ ਵਾਪਰੀ ਇਸ ਘਟਨਾ ਨੇ ਗੁੱਜਰ ਭਾਈਚਾਰੇ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ, ਜਿਸ ਕਾਰਨ ਸੋਮਵਾਰ ਨੂੰ ਭਾਈਚਾਰੇ ਦੇ ਵੱਡੀ ਗਿਣਤੀ ਇਕੱਠ ਨੇ ਡੇਰਾਬੱਸੀ ਪੁਲਿਸ ਥਾਣੇ ਦੇ ਸਾਹਮਣੇ ਧਰਨਾ ਦਿੱਤਾ ਗਿਆ।
ਬੀਤੀ ਕੱਲ੍ਹ ਡੇਰਾਬੱਸੀ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਛੇ ਜਣਿਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਜ਼ਿਆਦਾਤਰ ਜ਼ਖ਼ਮੀ ਹਨ ਜਿਨ੍ਹਾਂ ਨੂੰ ਪੁਲਿਸ ਨੇ ਹਸਪਤਾਲ ਤੋਂ ਜ਼ੇਰੇ ਇਲਾਜ ਹੀ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ ਪੁਲਿਸ ਨੇ ਦਰਜ ਕੀਤੀ ਐਫਆਈਆਰ ਵਿੱਚ ਝਗੜੇ ਵੇਲੇ ਮੌਕੇ ਉਤੇ ਹਾਜ਼ਰ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੇ ਲੜਕੇ ਉਦੈਵੀਰ ਸਿੰਘ ਢਿੱਲੋਂ ਦਾ ਨਾਂ ਵੀ ਜਾਂਚ ਲਈ ਸ਼ਾਮਲ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਣਜੀਤ ਸਿੰਘ ਉਰਫ਼ ਮਿੰਟਾ ਗੁੱਜਰ ਨੇ ਦੋਸ਼ ਲਾਇਆ ਕਿ ਲੰਘੇ ਕੱਲ੍ਹ ਸਿਵਲ ਹਸਪਤਾਲ ਵਿੱਚ ਹੋਇਆ ਹਮਲਾ ਉਦੈਵੀਰ ਸਿੰਘ ਢਿੱਲੋਂ ਦੀ ਸ਼ਹਿ ’ਤੇ ਹੋਇਆ ਹੈ ਅਤੇ ਉਹ ਮੌਕੇ ਉਤੇ ਮੌਜੂਦ ਸੀ ਜਿਸਦੀ ਜਾਂਚ ਕੀਤੀ ਜਾਏਗੀ।
ਮੁਲਜ਼ਮਾਂ ਵਿੱਚ ਅਨਿਲ ਕੁਮਾਰ ਉਰਫ਼ ਹਨੀ ਪੰਡਿਤ, ਅੰਗਰੇਜ਼ ਸਿੰਘ, ਮਹੀਪਾਲ, ਨਰੇਸ਼ ਕੁਮਾਰ, ਮਨੀਸ਼ ਕੁਮਾਰ ਮੰਗੂ, ਕਰਮਪਾਲ, ਅਸ਼ੋਕ ਕੁਮਾਰ, ਰਾਜੇਸ਼ ਕੁਮਾਰ, ਰਾਜ ਕੁਮਾਰ, ਅਮਰ ਸਿੰਘ, ਮੋਹਿਤ, ਗੁਰਪ੍ਰੀਤ ਸਿੰਘ, ਗੁਰਜੰਟ, ਗੁਰਮੀਤ ਸਿੰਘ, ਨਾਇਬ ਸਿੰਘ, ਮਯੰਕ, ਸੰਜੀਵ ਕੁਮਾਰ ਸ਼ਾਮਲ ਹਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਣਜੀਤ ਸਿੰਘ ਉਰਫ਼ ਮਿੰਟਾ ਗੁੱਜਰ ਨੇ ਦੋਸ਼ ਲਾਇਆ ਕਿ ਸ਼ੁੱਕਰਵਾਰ ਨੂੰ ਹਨੀ ਪੰਡਿਤ ਆਪਣੇ ਸਾਥੀਆਂ ਨਾਲ ਉਸਦੇ ਸਮਰਕ ਗੌਰਵ ਦੇ ਘਰ ਵੜ ਕੇ ਕੁੱਟਮਾਰ ਕਰ ਰਿਹਾ ਸੀ। ਉਹ ਆਪਣੇ ਸਾਥੀਆਂ ਨਾਲ ਉਸ ਨੂੰ ਬਚਾਉਣ ਲਈ ਗਿਆ ਤਾਂ ਉਨ੍ਹਾਂ ਨੇ ਉਸਦੀ ਅਤੇ ਉਸਦੇ ਸਾਥੀਆਂ ਦੀ ਵੀ ਮਾਰਕੁੱਟ ਕੀਤੀ।
ਉਹ ਆਪਣਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੇ ਤਾਂ ਉਥੇ ਐਮਰਜੈਂਸੀ ਵਿੱਚ ਪਹਿਲਾਂ ਹੀ ਹਨੀ ਪੰਡਿਤ, ਉਸਦੇ ਸਾਥੀ ਅਤੇ ਕਾਂਗਰਸੀ ਆਗੂ ਉਦੈਵੀਰ ਸਿੰਘ ਢਿੱਲੋਂ ਵੀ ਹਾਜ਼ਰ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਦੈਵੀਰ ਸਿੰਘ ਢਿੱਲੋਂ ਨੇ ਹਨੀ ਪੰਡਿਤ ਅਤੇ ਹੋਰਨਾਂ ਨੂੰ ਕਿਹਾ ਕਿ ਇਨ੍ਹਾਂ ਨੂੰ ਫੜ ਲਓ ਅਤੇ ਅੱਜ ਇਹ ਬਚਣੇ ਨਹੀਂ ਚਾਹੀਦੇ।
ਇਸ ਮਗਰੋਂ ਹਨੀ ਪੰਡਿਤ ਅਤੇ ਉਸਦੇ ਸਾਥੀਆਂ ਨੇ ਹਸਪਤਾਲ ਵਿੱਚ ਪਏ ਗਮਲੇ, ਬੈਰੀਕੇਡ, ਅੱਗ ਬੁਝਾਓ ਸਿਲੰਡਰ, ਕੈਂਚੀਆਂ, ਪੇਚਕਸ, ਸਟੂਲ ਸਣੇ ਹੋਰਨਾਂ ਸਮਾਨ ਨਾਲ ਉਨ੍ਹਾਂ ਦੀ ਬੁਰੀ ਤਰਾਂ ਮਾਰਕੁੱਟ ਕੀਤੀ ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਪੀ.ਜੀ.ਆਈ. ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਵਿੱਚ ਕਈ ਲੋਕ ਜ਼ਖਮੀ ਹੋ ਗਏ ਅਤੇ ਹਸਪਤਾਲ ਦੀ ਜਾਇਦਾਦ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਸੀ। ਸੋਮਵਾਰ ਸਵੇਰੇ ਗੁੱਜਰ ਭਾਈਚਾਰਾ, ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਪੰਚ ਅਤੇ ਸਰਪੰਚ ਸ਼ਾਮਲ ਹਨ, ਇਨਸਾਫ਼ ਦੀ ਮੰਗ ਕਰਦਿਆਂ ਅਤੇ ਉਦੇਵੀਰ ਢਿੱਲੋਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਨ ਲਈ ਇਕੱਠੇ ਹੋਏ ਹਨ। ਉਨ੍ਹਾਂ ਨੇ ਕਾਂਗਰਸੀ ਆਗੂ ਉਦੇਵੀਰ ਢਿੱਲੋਂ ਜੋ ਕਿ ਹਲਕਾ ਇੰਚਾਰਜ ਦੀਪਇੰਦਰ ਢਿੱਲੋਂ ਦੇ ਪੁੱਤਰ ਹਨ 'ਤੇ ਹਿੰਸਾ ਭੜਕਾਉਣ ਦਾ ਦੋਸ਼ ਲਗਾਇਆ ਹੈ ਅਤੇ ਮੰਗ ਕੀਤੀ ਹੈ ਕਿ ਉਸਨੂੰ ਉਸਦੇ ਕੰਮਾਂ ਲਈ ਜਵਾਬਦੇਹ ਠਹਿਰਾਇਆ ਜਾਵੇ।
ਡੇਰਾਬੱਸੀ ਪੁਲਿਸ ਸਟੇਸ਼ਨ 'ਤੇ ਧਰਨੇ 'ਤੇ ਬੈਠੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਵਿੱਚ ਨਿਆਂ ਅਤੇ ਉਦੇਵੀਰ ਢਿੱਲੋਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਪੁਲਿਸ ਵੱਲੋਂ ਭਾਈਚਾਰੇ ਨੂੰ ਭਰੋਸਾ ਦਿੱਤਾ ਹੈ ਕਿ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਭਾਈਚਾਰੇ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਹੈ।
ਇਸ ਘਟਨਾ ਨੇ ਇਲਾਕੇ ਦੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਹੈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਭਾਵੇਂ ਉਹ ਕਿਸੇ ਵੀ ਰਾਜਨੀਤਿਕ ਸਬੰਧਾਂ ਦਾ ਹੋਵੇ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਪੁਲਿਸ ਨੇ ਜਨਤਾ ਨੂੰ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਰੱਖਣ ਦੀ ਅਪੀਲ ਕੀਤੀ ਹੈ ਅਤੇ ਇਹ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਹੈ ਕਿ ਨਿਆਂ ਮਿਲੇਗਾ।