Home >>Punjab

Jalandhar News: ਜਲੰਧਰ 'ਚ ਦੋ ਗੁੱਟਾਂ ਵਿਚਾਲੇ ਗੋਲੀਬਾਰੀ, ਇੱਕ ਵਿਅਕਤੀ ਦੀ ਹੋਈ ਮੌਤ

Jalandhar News: ਮ੍ਰਿਤਕ ਦੇ ਸਮਰਥਕਾਂ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਮਨੂ ਕਪੂਰ, ਸਾਜਤ ਸਹੋਤਾ ਤੇ ਉਸ ਦੀ ਗੈਂਗ ਦੇ 12 ਮੈਂਬਰਾਂ ਨੇ ਮਿਲ ਕੇ ਰਿਸ਼ਭ ਕੁਮਾਰ ਬਾਦਸ਼ਾਹ ਨੂੰ ਇਕੱਲੇ ਘੇਰ ਕੇ ਕੁੱਟਮਾਰ ਕੀਤੀ ਸੀ ਤੇ ਅਗਲੇ ਦਿਨ ਰਾਜ਼ੀਨਾਮਾ ਕਰਨ ਲਈ ਮਨੂ ਕਪੂਰ ਪਿਓ-ਪੁੱਤ ਨੇ ਬੁਲਾਇਆ ਸੀ।

Advertisement
Jalandhar News: ਜਲੰਧਰ 'ਚ ਦੋ ਗੁੱਟਾਂ ਵਿਚਾਲੇ ਗੋਲੀਬਾਰੀ, ਇੱਕ ਵਿਅਕਤੀ ਦੀ ਹੋਈ ਮੌਤ
Manpreet Singh|Updated: Nov 03, 2024, 08:10 AM IST
Share

Jalandhar News: ਜਲੰਧਰ ਦੇ ਅੰਦਰੂਨੀ ਬਾਜ਼ਾਰ ਖਿੰਗਰਾ ਗੇਟ ਵਿੱਚ ਮਾਮੂਲੀ ਗੱਲਬਾਤ ਨੂੰ ਲੈ ਕੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਖਿੰਗਰਾ ਗੇਟ ਦੇ ਰਹਿਣ ਵਾਲੇ 2 ਐਕਟਿਵਾ ਸਵਾਰ ਨੌਜਵਾਨਾਂ ’ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ’ਚ ਇਕ ਨੌਜਵਾਨ ਰਿਸ਼ਭ ਕੁਮਾਰ ਬਾਦਸ਼ਾਹ ਦੀ ਹਸਪਤਾਲ ’ਚ ਮੌਤ ਹੋ ਗਈ ਜਦਕਿ ਦੂਜੇ ਨੌਜਵਾਨ ਈਸ਼ੂ ਦਾ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ, ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦੇ ਹੱਥ ਗੋਲੀਆਂ ਦੇ ਕੁਝ ਖੋਲ ਲੱਗੇ ਹਨ। ਇਸ ਦੇ ਨਾਲ ਹੀ ਪੀੜਤ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਇਸ ਘਟਨਾ ਦੇ ਮੁਲਜ਼ਮ ਮਨੂ ਕਪੂਰ ਗੈਂਗ ਦੇ ਹੋਰ ਸਾਥੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ। ਮਾਹੌਲ ਗਰਮ ਹੁੰਦਾ ਦੇਖ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਮੌਕੇ ’ਤੇ ਹੀ ਡਟੇ ਰਹੇ। ਦੇਰ ਰਾਤ ਪੁਲਸ ਨੇ ਮਨੂੰ ਕਪੂਰ ਸਮੇਤ 3 ’ਤੇ ਮਾਮਲਾ ਦਰਜ ਕਰ ਲਿਆ ਹੈ।

ਮ੍ਰਿਤਕ ਦੇ ਸਮਰਥਕਾਂ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਮਨੂ ਕਪੂਰ, ਸਾਜਤ ਸਹੋਤਾ ਤੇ ਉਸ ਦੀ ਗੈਂਗ ਦੇ 12 ਮੈਂਬਰਾਂ ਨੇ ਮਿਲ ਕੇ ਰਿਸ਼ਭ ਕੁਮਾਰ ਬਾਦਸ਼ਾਹ ਨੂੰ ਇਕੱਲੇ ਘੇਰ ਕੇ ਕੁੱਟਮਾਰ ਕੀਤੀ ਸੀ ਤੇ ਅਗਲੇ ਦਿਨ ਰਾਜ਼ੀਨਾਮਾ ਕਰਨ ਲਈ ਮਨੂ ਕਪੂਰ ਪਿਓ-ਪੁੱਤ ਨੇ ਬੁਲਾਇਆ ਸੀ। ਰਿਸ਼ਭ ਕੁਮਾਰ ਤੇ ਈਸ਼ੂ ਦੋਵੇਂ ਖਿੰਗਰਾ ਗੇਟ ਕੋਲ ਪੁੱਜੇ ਸਨ ਕਿ ਮਨੂ ਕਪੂਰ ਤੇ ਉਸ ਦੇ ਪਿਤਾ ਨੇ ਉਨ੍ਹਾਂ ਨੂੰ ਘੇਰ ਕੇ ਹਮਲਾ ਕਰ ਦਿੱਤਾ।

ਦੋਵੇਂ ਕਿਸੇ ਤਰ੍ਹਾਂ ਜਾਨ ਬਚਾ ਕੇ ਭੱਜ ਰਹੇ ਸਨ ਕਿ ਮਨੂ ਕਪੂਰ ਤੇ ਉਸ ਦੇ ਹੋਰ ਸਾਥੀਆਂ, ਜਿਨ੍ਹਾਂ ਦੇ ਹੱਥਾਂ ’ਚ 3 ਵੱਖ-ਵੱਖ ਰਿਵਾਲਵਰ ਸਨ, ਉਨ੍ਹਾਂ ’ਚੋਂ ਮਨੂ ਕਪੂਰ ਨੇ ਦੋਵਾਂ ’ਤੇ ਅੰਨੇਵਾਹ ਫਾਈਰਿੰਗ ਕਰ ਦਿੱਤੀ। ਕਰੀਬ 9 ਰਾਊਂਡ ਚੱਲੇ, ਜਿਨ੍ਹਾਂ ’ਚੋਂ 2 ਗੋਲੀਆਂ ਬਾਦਸ਼ਾਹ ਦੇ ਪੇਟ ’ਚ ਲੱਗੀਆਂ ਤੇ ਇਕ ਗੋਲੀ ਈਸ਼ ਦੇ ਹੱਥ ’ਚ ਲੱਗੀ, ਜਿਸ ’ਚ ਦੋਵੇਂ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ।

ਬਾਦਸ਼ਾਹ ਦੀ ਹਾਲਤ ਗੰਭੀਰ ਦੇਖ ਸੱਤਿਅਮ ਹਸਪਤਾਲ ਤੋਂ ਉਸ ਨੂੰ ਜੌਹਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਵਾਰਦਾਤ ਦੇ 2 ਘੰਟਿਆਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਉਦੋਂ ਤੱਕ ਗੋਲੀਆਂ ਚਲਾਉਣ ਵਾਲੇ ਮੌਕੇ ਤੋਂ ਫਰਾਰ ਹੋ ਗਏ। ਜਿਸ ਕਾਰਨ ਇਲਾਕੇ ਦੀ ਪੁਲਸ ’ਤੇ ਵੀ ਕਈ ਦੋਸ਼ ਲਗਾਏ ਗਏ। ਦੂਜੇ ਪਾਸੇ ਪੁਲਿਸ ਕੁੱਝ ਵੀ ਕਹਿਣ ਤੋਂ ਗੁਰੇਜ਼ ਕਰ ਰਹੀ ਹੈ।

Read More
{}{}