Home >>Punjab

ਗੁਰਜੀਤ ਔਜਲਾ ਨੇ ਸੰਸਦ ‘ਚ ਚੁੱਕਿਆ ਚਾਈਨਾ ਡੋਰ ਦਾ ਮੁੱਦਾ, ਸਖਤ ਪਾਬੰਦੀ ਲਾਉਣ ਦੀ ਕੀਤੀ ਮੰਗ

China Dor News: ਸੰਸਦ ਮੈਂਬਰ ਔਜਲਾ ਨੇ ਸਰਕਾਰ ਨੂੰ ਅਜਿਹੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਾਤਾਵਰਣ ਪੱਖੀ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਸ ਖ਼ਿਲਾਫ਼ ਕਾਨੂੰਨ ਲਿਆਉਣ ਦੀ ਮੰਗ ਵੀ ਰੱਖੀ ਹੈ।

Advertisement
 ਗੁਰਜੀਤ ਔਜਲਾ ਨੇ ਸੰਸਦ ‘ਚ ਚੁੱਕਿਆ ਚਾਈਨਾ ਡੋਰ ਦਾ ਮੁੱਦਾ, ਸਖਤ ਪਾਬੰਦੀ ਲਾਉਣ ਦੀ ਕੀਤੀ ਮੰਗ
Manpreet Singh|Updated: Feb 11, 2025, 08:49 PM IST
Share

China Dor News: ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਸੰਸਦ ਵਿੱਚ ਚਾਈਨਾ ਡੋਰ ਤੇ ਮਾਰੂ ਪਤੰਗਬਾਜ਼ੀ ਦੀ ਡੋਰ ‘ਤੇ ਪਾਬੰਦੀ ਲਾਉਣ ਦੀ ਮੰਗ ਚੁੱਕੀ। ਉਨ੍ਹਾਂ ਕਿਹਾ ਕਿ ਪਾਬੰਦੀ ਦੇ ਬਾਵਜੂਦ ਇਹ ਖਤਰਨਾਕ ਡੋਰ ਅਜੇ ਵੀ ਸ਼ਰੇਆਮ ਵੇਚੀ ਜਾ ਰਹੀ ਹੈ, ਜਿਸ ਕਾਰਨ ਦੋਪਹੀਆ ਵਾਹਨਾਂ ‘ਤੇ ਸਵਾਰ ਲੋਕਾਂ ਨੂੰ ਗੰਭੀਰ ਸੱਟਾਂ ਲੱਗ ਰਹੀਆਂ ਹਨ, ਕਈ ਜਾਨਾਂ ਵੀ ਜਾ ਰਹੀਆਂ ਹਨ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ।

ਸੰਸਦ ਮੈਂਬਰ ਔਜਲਾ ਨੇ ਸਰਕਾਰ ਨੂੰ ਅਜਿਹੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਾਤਾਵਰਣ ਪੱਖੀ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਸ ਖ਼ਿਲਾਫ਼ ਕਾਨੂੰਨ ਲਿਆਉਣ ਦੀ ਮੰਗ ਵੀ ਰੱਖੀ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਇਹ ਡੋਰ ਚੀਨ ਤੋਂ ਮੰਗਵਾਈ ਜਾਂਦੀ ਸੀ, ਪਰ ਹੁਣ ਇਸ ਦਾ ਨਿਰਮਾਣ ਭਾਰਤ ਵਿੱਚ ਹੋਣਾ ਸ਼ੁਰੂ ਹੋ ਗਿਆ ਹੈ। ਲੋਹੜੀ ਅਤੇ ਬਸੰਤ ਪੰਚਮੀ ਦੌਰਾਨ ਜਦੋਂ ਪੰਜਾਬ ਵਿੱਚ ਪਤੰਗਬਾਜ਼ੀ ਹੁੰਦੀ ਹੈ ਤਾਂ ਇਸ ਕਾਰਨ ਲੋਕ ਆਪਣੀ ਜਾਨ ਗੁਆ ਬੈਠਦੇ ਹਨ। ਸਖ਼ਤ ਨਿਗਰਾਨੀ, ਲੋਕ ਜਾਗਰੂਕਤਾ ਅਤੇ ਜਵਾਬਦੇਹੀ ਬੇਹੱਦ ਜ਼ਰੂਰੀ ਹੈ ਤਾਂ ਜੋ ਇਨ੍ਹਾਂ ਖਤਰਨਾਕ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਜ਼ਿਕਰਯੋਗ ਹੈ ਕਿ ਚਾਈਨਾ ਡੋਰ, ਜਿਸ ਨੂੰ ਨਾਈਲੋਨ ਜਾਂ ਮੇਟਾਲਿਕ ਡੋਰ ਵੀ ਕਿਹਾ ਜਾਂਦਾ ਹੈ, ਪਤੰਗ ਉਡਾਉਣ ਸਮੇਂ ਮਨੁੱਖਾਂ, ਜਾਨਵਰਾਂ ਅਤੇ ਪੰਛੀਆਂ ਲਈ ਬੇਹੱਦ ਖਤਰਨਾਕ ਸਾਬਤ ਹੁੰਦੀ ਹੈ। ਇਸ ਦੇ ਆਸਾਨੀ ਨਾਲ ਉਪਲਬਧ ਹੋਣ ਕਾਰਨ ਲੋਕ ਰਵਾਇਤੀ ਧਾਗੇ ਦੀ ਬਜਾਏ ਇਸ ਚਾਈਨਾ ਡੋਰ ਦੀ ਵਰਤੋਂ ਕਰਨ ਲੱਗ ਪਏ ਹਨ। ਕਈ ਸੂਬਿਆਂ ‘ਚ ਇਸ ‘ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਬਾਜ਼ਾਰਾਂ ‘ਚ ਇਸ ਦੀ ਉਪਲਬਧਤਾ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

ਇੱਕ ਅੰਕੜੇ ਮੁਤਾਬਕ 1 ਜਨਵਰੀ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਪਤੰਗ ਉਡਾਉਣ ਲਈ ਵਰਤੀ ਜਾਂਦੀ ਚਾਈਨਾ ਡੋਰ ਨਾਲ ਸਬੰਧਤ ਘਟਨਾਵਾਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਸ ਦੇ ਬਾਵਜੂਦ ਕੋਈ ਸਖ਼ਤ ਕਾਰਵਾਈ ਨਹੀਂ ਹੋ ਸਕੀ। ਪੁਲਿਸ ਨੇ 197 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਅੰਨ੍ਹੇਵਾਹ ਜਾਰੀ ਹੈ।

Read More
{}{}