Harsimrat Kaur Badal Birthday: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ 25 ਜੁਲਾਈ ਨੂੰ 59 ਸਾਲ ਦੀ ਹੋ ਗਈ। ਇਸ ਮੌਕੇ 'ਤੇ ਉਨ੍ਹਾਂ ਦੇ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਭਾਵੁਕ ਜਨਮਦਿਨ ਦੀ ਵਧਾਈ ਦਿੱਤੀ।
ਸੁਖਬੀਰ ਬਾਦਲ ਨੇ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਹਰਸਿਮਰਤ ਕੌਰ ਬਾਦਲ ਨਾਲ ਪਰਿਵਾਰਕ ਫੋਟੋਆਂ ਸਾਂਝੀਆਂ ਕੀਤੀਆਂ ਅਤੇ ਲਿਖਿਆ:
‘ਜਨਮਦਿਨ ਦੀਆਂ ਬਹੁਤ ਮੁਬਾਰਕਾਂ ਹਰਸਿਮਰਤ! ਗੁਰੂਸਾਹਿਬ ਦਾ ਹਮੇਸ਼ਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਤੁਹਾਡੇ ਸਾਥ ਦਾ ਆਸ਼ੀਰਵਾਦ ਦਿੱਤਾ। ਤੁਹਾਡੀ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਹਮੇਸ਼ਾ ਪ੍ਰਾਰਥਨਾ ਕਰਦਾ ਹਾਂ।'
Happy Birthday, Harsimrat!
Forever grateful to Gurusahab for blessing me with your companionship. Praying for your good health and happiness always.@HarsimratBadal_ pic.twitter.com/9ehn2TEyxi— Sukhbir Singh Badal (@officeofssbadal) July 25, 2025
ਹਰਸਿਮਰਤ ਕੌਰ ਬਾਦਲ ਦਾ ਜੀਵਨ ਅਤੇ ਰਾਜਨੀਤਿਕ ਸਫ਼ਰ
ਹਰਸਿਮਰਤ ਕੌਰ ਦਾ ਜਨਮ 25 ਜੁਲਾਈ 1966 ਨੂੰ ਦਿੱਲੀ ਵਿੱਚ ਸੱਤਿਆਜੀਤ ਅਤੇ ਸੁਖਮੰਜਸ਼ ਮਜੀਠੀਆ ਦੇ ਘਰ ਹੋਇਆ ਸੀ। ਉਸਨੇ ਆਪਣੀ ਸਕੂਲੀ ਸਿੱਖਿਆ ਲੋਰੇਟੋ ਕਾਨਵੈਂਟ, ਨਵੀਂ ਦਿੱਲੀ ਤੋਂ ਪ੍ਰਾਪਤ ਕੀਤੀ ਅਤੇ ਟੈਕਸਟਾਈਲ ਡਿਜ਼ਾਈਨ ਵਿੱਚ ਡਿਪਲੋਮਾ ਕੀਤਾ ਹੈ।
ਉਹ 2009 ਦੀਆਂ ਆਮ ਚੋਣਾਂ ਵਿੱਚ ਰਾਜਨੀਤੀ ਵਿੱਚ ਆਈ ਅਤੇ ਬਠਿੰਡਾ ਸੀਟ ਤੋਂ ਜਿੱਤ ਕੇ ਲੋਕ ਸਭਾ ਪਹੁੰਚੀ। ਉਹ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੀ ਹੈ ਅਤੇ ਕੇਂਦਰ ਸਰਕਾਰ ਵਿੱਚ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਵਜੋਂ ਸੇਵਾ ਨਿਭਾ ਚੁੱਕੀ ਹੈ।
ਸਤੰਬਰ 2021 ਵਿੱਚ, ਹਰਸਿਮਰਤ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਸਮੇਂ ਉਨ੍ਹਾਂ ਨੇ ਟਵੀਟ ਕੀਤਾ ਸੀ, "ਮੈਂ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਇੱਕ ਕਿਸਾਨ ਦੀ ਧੀ ਅਤੇ ਭੈਣ ਹੋਣ ਦੇ ਨਾਤੇ, ਮੈਨੂੰ ਕਿਸਾਨਾਂ ਦੇ ਨਾਲ ਖੜ੍ਹੀ ਹੋਣ 'ਤੇ ਮਾਣ ਹੈ।"
ਪਰਿਵਾਰਕ ਪਿਛੋਕੜ
ਹਰਸਿਮਰਤ ਕੌਰ ਦਾ ਵਿਆਹ 21 ਨਵੰਬਰ 1991 ਨੂੰ ਸੁਖਬੀਰ ਸਿੰਘ ਬਾਦਲ ਨਾਲ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ - ਦੋ ਧੀਆਂ ਅਤੇ ਇੱਕ ਪੁੱਤਰ। ਉਨ੍ਹਾਂ ਦਾ ਭਰਾ, ਬਿਕਰਮ ਸਿੰਘ ਮਜੀਠੀਆ, ਅਕਾਲੀ ਦਲ ਦਾ ਇੱਕ ਸੀਨੀਅਰ ਆਗੂ ਹੈ।
ਇਸ ਮਹੀਨੇ 9 ਜੁਲਾਈ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣਾ 63ਵਾਂ ਜਨਮਦਿਨ ਮਨਾਇਆ ਸੀ, ਇਸ ਮੌਕੇ ਹਰਸਿਮਰਤ ਨੇ ਸੋਸ਼ਲ ਮੀਡੀਆ 'ਤੇ ਪਰਿਵਾਰਕ ਫੋਟੋ ਸਾਂਝੀ ਕਰਕੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਸੀ।