Amritsar News: ਜ਼ਿਲ੍ਹਾ ਦਿਹਾਤੀ ਪੁਲਿਸ ਨੇ ਹਵਾਲਾ ਰੈਕੇਟ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਖਜੀਤ ਸਿੰਘ ਅਤੇ ਰਣਵੀਰ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਨੂੰ ਘਰਿੰਡਾ ਇਲਾਕੇ ਤੋਂ ਫੜਿਆ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 561 ਗ੍ਰਾਮ ਹੈਰੋਇਨ, 17 ਲੱਖ 60 ਹਜ਼ਾਰ ਦੀ ਭਾਰਤੀ ਕਰੰਸੀ, 4000 ਅਮਰੀਕੀ ਡਾਲਰ ਅਤੇ ਇਕ ਲੈਪਟਾਪ ਬਰਾਮਦ ਕੀਤਾ ਹੈ।
ਜਾਣਕਾਰੀ ਦਿੰਦਿਆਂ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਮੁਲਜ਼ਮ ਨਸ਼ੇ ਦਾ ਧੰਦਾ ਕਰਦੇ ਹਨ। ਇਸ ਦੇ ਆਧਾਰ 'ਤੇ ਪੁਲਿਸ ਨੇ ਜਾਲ ਵਿਛਾ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਮੌਕੇ 'ਤੇ ਹੀ ਹੈਰੋਇਨ ਦੀ ਭਾਰੀ ਮਾਤਰਾ ਬਰਾਮਦ ਕੀਤੀ। ਪੁਲਿਸ ਨੇ ਜਦੋਂ ਇਨ੍ਹਾਂ ਦੀਆਂ ਗਤੀਵਿਧੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਹਵਾਲਾ ਕਾਰੋਬਾਰ ਵੀ ਚਲਾ ਰਹੇ ਸਨ।
ਮੁਲਜ਼ਮਾਂ ਦੇ ਇਸ਼ਾਰੇ ’ਤੇ ਭਾਰਤੀ ਕਰੰਸੀ ਅਤੇ ਡਾਲਰ ਬਰਾਮਦ ਕੀਤੇ ਗਏ। ਨਾਲ ਹੀ ਉਸ ਦੇ ਲੈਪਟਾਪ ਤੋਂ ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ। ਪੁਲਿਸ ਹੁਣ ਉਨ੍ਹਾਂ ਨਾਲ ਜੁੜੇ ਹੋਰ ਸਾਥੀਆਂ ਅਤੇ ਨੈਟਵਰਕ ਦਾ ਪਤਾ ਲਗਾਉਣ ਵਿੱਚ ਰੁੱਝੀ ਹੋਈ ਹੈ। ਫਿਲਹਾਲ ਪੁਲਿਸ ਇਸ ਪੂਰੇ ਰੈਕੇਟ ਦੀ ਤਹਿ ਤੱਕ ਜਾਣ ਲਈ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਡੀਜੀਪੀ ਗੌਰਵ ਯਾਦਵ ਵੱਲੋਂ ਜਾਰੀ ਸੂਚਨਾ ਅਨੁਸਾਰ ਪੁਲਿਸ ਨੂੰ ਪਹਿਲਾਂ ਸੂਚਨਾ ਸੀ ਕਿ ਅੰਮ੍ਰਿਤਸਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਨਸ਼ਾ ਤਸਕਰੀ ਲਈ ਹਵਾਲਾ ਰਾਹੀਂ ਪੈਸੇ ਭੇਜੇ ਜਾ ਰਹੇ ਹਨ। ਜਦੋਂ ਪੁਲਿਸ ਨੇ 561 ਗ੍ਰਾਮ ਹੈਰੋਇਨ ਬਰਾਮਦ ਕੀਤੀ ਤਾਂ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੁਖਜੀਤ ਸਿੰਘ ਅਤੇ ਰਣਬੀਰ ਸਿੰਘ ਨਾ ਸਿਰਫ਼ ਨਸ਼ਾ ਤਸਕਰਾਂ ਨੂੰ ਵਿੱਤੀ ਸਹਾਇਤਾ ਦਿੰਦੇ ਸਨ ਬਲਕਿ ਹਵਾਲਾ ਰਾਹੀਂ ਇਨ੍ਹਾਂ ਲੈਣ-ਦੇਣ ਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕਰ ਰਹੇ ਸਨ।
ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ, ਉਨ੍ਹਾਂ ਦੇ ਵਿੱਤੀ ਸਮਰਥਕਾਂ ਅਤੇ ਸਾਥੀਆਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਹਵਾਲਾ ਫਾਈਨਾਂਸਿੰਗ ਨੂੰ ਜੜ੍ਹੋਂ ਪੁੱਟਣਾ ਬਹੁਤ ਜ਼ਰੂਰੀ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਸ ਗੈਰ-ਕਾਨੂੰਨੀ ਧੰਦੇ 'ਚ ਜੋ ਵੀ ਸ਼ਾਮਲ ਹੋਇਆ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।