Bathinda News(ਕੁਲਬੀਰ ਬੀਰਾ): ਲੰਘੇ ਦੋ ਦਿਨ ਪਹਿਲਾਂ ਜ਼ਿਲ੍ਹਾ ਬਠਿੰਡਾ ਦੇ ਕੁਝ ਇਲਾਕਿਆਂ ਖਾਸ ਕਰਕੇ ਹਲਕਾ ਮੌੜ ਦੇ ਪਿੰਡਾਂ ਵਿੱਚ ਪਏ ਭਾਰੀ ਮੀਂਹ ਕਾਰਨ ਫਸਲਾਂ ਡੁੱਬ ਗਈਆਂ ਹਨ ਤੇ ਸੈਂਕੜੇ ਏਕੜ ਖੇਤਾਂ ਵਿੱਚ ਲਾਇਆ ਝੋਨਾ ਹੁਣ ਦਿਖਾਈ ਨਹੀਂ ਦੇ ਰਿਹਾ। ਮੱਕੀ ਦੀ ਫ਼ਸਲ ਵਿੱਚ ਐਨਾ ਜ਼ਿਆਦਾ ਪਾਣੀ ਖੜ੍ਹ ਗਿਆ ਹੈ ਕਿ ਵਾਢੀ ਨਹੀਂ ਹੋ ਸਕਦੀ। ਵੱਡੀ ਗਿਣਤੀ ਮੋਟਰਾਂ/ਟਿਊਬਵੈੱਲ ਪਾਣੀ ਵਿੱਚ ਡੁੱਬ ਗਏ ਹਨ ਜਿਸ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ।
ਵੇਰਵਿਆਂ ਮੁਤਾਬਿਕ ਦੋ ਦਿਨ ਪਹਿਲਾਂ ਹਲਕਾ ਮੌੜ ਨੇੜਲੇ ਪਿੰਡਾਂ ਵਿੱਚ ਪਏ ਭਾਰੀ ਮੀਂਹ ਕਾਰਨ ਜਿੱਥੇ ਸ਼ਹਿਰੀ ਆਬਾਦੀ ਵਿੱਚ ਸੜਕਾਂ ਨਹਿਰਾਂ ਬਣ ਗਈਆਂ ਸੀ ਉੱਥੇ ਹੀ ਖੇਤਾਂ ਵਿੱਚ ਪਾਣੀ ਭਰਨ ਕਰਕੇ ਫਸਲਾਂ ਡੁੱਬ ਗਈਆਂ। ਪਿੰਡ ਕੋਟਲੀ ਖੁਰਦ ਦੇ ਖੇਤਾਂ ਵਿੱਚ ਦਲੀਏਵਾਲੀ (ਮਾਨਸਾ) ਸੜਕ ਦੇ ਨੇੜਲੇ ਖੇਤ ਸਮੁੰਦਰ ਬਣ ਗਏ ਹਨ। ਇਨ੍ਹਾਂ ਖੇਤਾਂ ਵਿੱਚ ਕਰੀਬ ਤਿੰਨ ਹਫ਼ਤੇ ਪਹਿਲਾਂ ਲਾਇਆ ਝੋਨਾ ਹੁਣ ਪਾਣੀ ਵਿੱਚ ਡੁੱਬ ਗਿਆ ਹੈ।
ਇਸ ਤੋਂ ਇਲਾਵਾ ਮੂੰਗੀ ਅਤੇ ਮੱਕੀ ਵੀ ਪਾਣੀ ਦੀ ਮਾਰ ਤੋਂ ਬਚ ਨਹੀਂ ਸਕੀ। ਵੱਡੀ ਗਿਣਤੀ ਪੀੜ੍ਹਤ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਖੇਤੀ ਤਾਂ ਪਹਿਲਾਂ ਹੀ ਸੰਕਟ ਵਿੱਚ ਸੀ ਤੇ ਹੁਣ ਮੀਂਹ ਨੇ ਫਸਲਾਂ ਡੋਬ ਦਿੱਤੀਆਂ ਵੱਡੀ ਮਾਰ ਠੇਕੇ ਉਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਪਈ ਹੈ, ਜਿਨ੍ਹਾਂ ਨੂੰ ਹੁਣ ਠੇਕਾ ਭਰਨਾ ਵੀ ਔਖਾ ਹੋ ਜਾਵੇਗਾ।
ਮੋਟਰਾਂ ਵਗੈਰਾ ਵੀ ਪਾਣੀ ’ਚ ਡੁੱਬ ਗਈਆਂ ਹਨ। ਮੱਕੀ ਦੀ ਫ਼ਸਲ ਦੀ ਹੁਣ ਕਟਾਈ ਕਰਨੀ ਸੀ ਪਰ ਬਹੁਤ ਜ਼ਿਆਦਾ ਪਾਣੀ ਖੜ੍ਹਨ ਕਾਰਨ ਹੁਣ ਮੱਕੀ ਵਿੱਚ ਟਰੈਕਟਰ ਨਹੀਂ ਚੱਲ ਸਕਣਗੇ। ਕਿਸਾਨਾਂ ਨੇ ਦੱਸਿਆ ਕਿ ਪਾਣੀ ਖੇਤਾਂ ਵਿੱਚ ਇਸ ਵੇਲੇ ਐਨਾ ਜ਼ਿਆਦਾ ਖੜ੍ਹਾ ਹੈ ਕਿ ਹੁਣ ਛੇਤੀ-ਛੇਤੀ ਹੋਰ ਫ਼ਸਲ ਦੀ ਬਿਜਾਈ ਨਹੀਂ ਹੋ ਸਕੇਗੀ।
ਜਾਣਕਾਰੀ ਦਿੰਦਿਆਂ ਕਿਸਾਨ ਗੁਰਪਿਆਰ ਸਿੰਘ ਨੇ ਆਖਿਆ ਕਿ ਜਦੋਂ ਕਿਸਾਨਾਂ ਵੱਲੋਂ ਖੇਤਾਂ ਵਿੱਚ ਫਸਲ ਦੇ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਪ੍ਰਸ਼ਾਸਨ ਨੂੰ ਸੈਟੇਲਾਈਟ ਰਾਹੀਂ ਹੀ ਪਤਾ ਲੱਗ ਜਾਂਦਾ ਹੈ ਪਰ ਹੁਣ ਪ੍ਰਸ਼ਾਸਨ ਖੇਤਾਂ ਵਿੱਚ ਆ ਕੇ ਹੀ ਨੁਕਸਾਨ ਦੇਖ ਲਵੇ ਤਾਂ ਜੋ ਕਿਸਾਨਾਂ ਨੂੰ ਮਦਦ ਮਿਲ ਸਕੇ।
ਤੁਰੰਤ ਮੁਆਵਜ਼ਾ ਦੇਵੇ ਸਰਕਾਰ : ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪਿੰਡ ਕੋਟਲੀ ਖੁਰਦ ਇਕਾਈ ਦੇ ਪ੍ਰਧਾਨ ਭੋਲਾ ਸਿੰਘ ਨੇ ਕਿਹਾ ਕਿ ਸੈਂਕੜੇ ਏਕੜ ਜ਼ਮੀਨ ਵਿੱਚ ਪਾਣੀ ਭਰਨ ਕਰਕੇ ਕਿਸਾਨਾਂ ਦਾ ਵੱਡੇ ਪੱਧਰ ਉਤੇ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਫਸਰ ਭੇਜ ਕੇ ਖੇਤਾਂ ਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਤੁਰੰਤ ਯੋਗ ਮੁਆਵਜ਼ਾ ਦਿੱਤਾ ਜਾਵੇ।