High Court: ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਆਪਰੇਸ਼ਨ ਦੌਰਾਨ ਲਾਈਟ ਬੰਦ ਹੋਣ ਦੇ ਮਾਮਲੇ ਵਿੱਚ ਟੀਮ ਵੱਲੋਂ ਜਾਂਚ ਰਿਪੋਰਟ ਦਾਖ਼ਲ ਕਰ ਦਿੱਤੀ ਗਈ ਹੈ। ਜਾਂਚ ਰਿਪੋਰਟ ਵਿੱਚ ਕਈ ਵੱਡੇ ਖੁਲਾਸੇ ਹੋਏ ਹਨ। 24 ਜਨਵਰੀ 2025 ਨੂੰ ਸਵੇਰੇ 11:44 ਮਿੰਟ ਉਤੇ ਬਿਜਲੀ ਗਈ ਜੋ 13 ਮਿੰਟ ਬਾਅਦ 11:57 ਮਿੰਟ ਉਤੇ ਆਈ ਅਤੇ 11:46 ਮਿੰਟ ਉਤੇ ਮੈਨੁਅਲ ਤੌਰ ਉਤੇ ਬੈਕਅੱਪ ਨੇ ਕੰਮ ਸ਼ੁਰੂ ਕੀਤਾ ਸੀ।
ਹਸਪਤਾਲ ਅੰਦਰ ਰੈਗੂਲਰ ਸਪਲਾਈ ਤੋਂ ਡੀਜੀ ਸੈਟ ਤੇ ਬਿਜਲੀ ਨੂੰ ਬਦਲਣ ਲਈ ਆਟੋਮੈਟਿਕ ਨਹੀਂ ਮੈਨੂੰਅਲ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਹਾਈਕੋਰਟ ਨੇ ਹੈਰਾਨੀ ਪ੍ਰਗਟ ਕੀਤੀ ਕਿ 13 ਮਿੰਟ ਤੱਕ ਲਾਈਟ ਬੰਦ ਰਹੀ ਅਤੇ ਦੋ ਮਿੰਟ ਪਾਵਰ ਬੈਕ ਅਪ ਲਈ ਲੱਗੇ ਜਿੱਥੇ ਇੱਕ ਸਕਿੰਟ ਵੀ ਬਿਜਲੀ ਨਹੀਂ ਜਾਣੀ ਚਾਹੀਦੀ ਉੱਥੇ ਆਟੋਮੈਟਿਕ ਦੀ ਜਗ੍ਹਾ ਮੈਨੂੰਅਲ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਹਾਈ ਕੋਰਟ ਨੇ ਨਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਕਿਮੈਨੁਅਲ ਦੀ ਜਗ੍ਹਾ ਆਟੋਮੈਟਿਕ ਸਵਿਚ ਓਵਰ ਕਰਨ ਦੀ ਤਕਨੀਕ ਦਾ ਇਸਤੇਮਾਲ ਕਿਉਂ ਨਹੀਂ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਸਕੱਤਰ ਤੋਂ ਜਵਾਬ ਮੰਗਿਆ ਗਿਆ ਹੈ ਕਿ ਕਿਉਂ ਨਹੀਂ ਇਸ ਤਕਨੀਕ ਦੀ ਕੀਤੀ ਜਾ ਰਹੀ ਵਰਤੋਂ। 25 ਫਰਵਰੀ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ।
ਕਾਬਿਲੇਗੌਰ ਹੈ ਕਿ 24 ਜਨਵਰੀ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਅਚਾਨਕ ਬਿਜਲੀ ਬੰਦ ਹੋਣ ਕਾਰਨ ਡਾਕਟਰਾਂ ਨੂੰ ਮਰੀਜ਼ ਦਾ ਆਪ੍ਰੇਸ਼ਨ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਦੌਰਾਨ ਵੈਂਟੀਲੇਟਰ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਸਟਾਫ ਨੇ ਇਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ ਦੌਰਾਨ ਡਾਕਟਰਾਂ ਦਾ ਸਵਾਲ ਸੀ ਕਿ ਜੇਕਰ ਮਰੀਜ਼ ਦੀ ਅਜਿਹੀ ਸਥਿਤੀ ਵਿੱਚ ਮੌਤ ਹੋ ਜਾਂਦੀ ਹੈ, ਤਾਂ ਇਸਦਾ ਜ਼ਿੰਮੇਵਾਰ ਕੌਣ ਹੁੰਦਾ?
ਵਾਇਰਲ ਵੀਡੀਓ ਵਿੱਚ ਇੱਕ ਡਾਕਟਰ ਕਹਿ ਰਿਹਾ ਹੈ ਕਿ ਰਾਜਿੰਦਰਾ ਹਸਪਤਾਲ ਦੀ ਮੁੱਖ ਐਮਰਜੈਂਸੀ ਦੀ ਬਿਜਲੀ ਆਨ-ਆਫ ਹੋ ਰਹੀ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਬਿਜਲੀ 15 ਮਿੰਟ ਬੰਦ ਰਹੀ। ਵੈਂਟੀਲੇਟਰ ਬੰਦ ਹੋ ਗਿਆ ਸੀ। ਕੈਂਸਰ ਦੇ ਮਰੀਜ਼ ਦੀ ਸਰਜਰੀ ਹੋ ਰਹੀ ਸੀ। ਅਜਿਹੀ ਸਥਿਤੀ ਵਿੱਚ ਜੇਕਰ ਮਰੀਜ਼ ਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੁੰਦਾ ? ਵੀਡੀਓ ਵਿੱਚ ਪੂਰਾ ਸਟਾਫ ਵੀ ਦਿਖਾਈ ਦੇ ਰਿਹਾ ਹੈ। ਡਾਕਟਰਾਂ ਦਾ ਕਹਿਣਾ ਸੀ ਕਿ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤਰ੍ਹਾਂ ਪਹਿਲਾਂ ਵੀ ਬਿਜਲੀ ਬੰਦ ਹੋ ਚੁੱਕੀ ਹੈ। ਐਮਰਜੈਂਸੀ ਹਾਟਲਾਈਨ ਨਾਲ ਇੱਕ ਕੁਨੈਕਸ਼ਨ ਹੋਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੈ।