Gurdaspur News: ਬੀਤੀ ਦੇਰ ਰਾਤ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਪਹਿਲਾਂ ਆਪਸ ਵਿੱਚ ਝਗੜੇ ਸਨ। ਇਸ ਤੋਂ ਬਾਅਦ ਦੋਨੋਂ ਧਿਰਾਂ ਸਿਵਲ ਹਸਪਤਾਲ ਵਿੱਚ ਇਕੱਠੀਆਂ ਹੋ ਗਈਆਂ ਅਤੇ ਇੱਕ ਧਿਰ ਜਦੋਂ ਕਮਰੇ ਵਿੱਚ ਡਾਕਟਰ ਨੂੰ ਚੈਕਅੱਪ ਕਰਵਾ ਰਹੀ ਸੀ ਤਾਂ ਇਸ ਦੌਰਾਨ ਦੂਜੀ ਧਿਰ ਦੇ ਕੁੱਝ ਨੌਜਵਾਨਾਂ ਨੇ ਡਾਕਟਰ ਦੇ ਕਮਰੇ ਵਿੱਚ ਆਕੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਅਤੇ ਹਸਪਤਾਲ ਵਿੱਚ ਭੰਨ ਤੋੜ ਕੀਤੀ।
ਡਿਊਟੀ ਉਤੇ ਤਾਇਨਾਤ ਡਾਕਟਰ ਰੋਹਿਤ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਹਮਲੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਹਮਲਾਵਰ ਪਹਿਲਾਂ ਵਾਰਡ ਵਿੱਚ ਕੱਪੜੇ ਨਾਲ ਆਪਣੇ ਮੂੰਹ ਢੱਕਦੇ ਹਨ ਅਤੇ ਡਾਕਟਰ ਦੇ ਕਮਰੇ ਵਿੱਚ ਆ ਕੇ ਦੂਜੀ ਧਿਰ ਉਤੇ ਹਮਲਾ ਕਰ ਦਿੰਦੇ ਹਨ ਅਤੇ ਬਾਅਦ ਵਿੱਚ ਫਰਾਰ ਹੋ ਜਾਂਦੇ ਹਨ। ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਗੁਰਦਾਸਪੁਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਉੱਥੇ ਹੀ ਸਿਵਲ ਹਸਪਤਾਲ ਵਿੱਚ ਡਿਊਟੀ 'ਤੇ ਤਾਇਨਾਤ ਡਾਕਟਰ ਭੁਪੇਸ਼ ਨੇ ਦੱਸਿਆ ਕਿ ਰਾਤ 8:30 ਵਜੇ ਦੇ ਕਰੀਬ ਜਦੋਂ ਐਮਰਜੈਂਸੀ ਵਾਰਡ 'ਚ ਡਿਊਟੀ 'ਤੇ ਤਾਇਨਾਤ ਡਾਕਟਰ ਰੋਹਿਤ ਇੱਕ ਧਿਰ ਦੀ ਐੱਮ. ਐੱਲ. ਆਰ. ਕੱਟ ਰਹੇ ਸਨ ਤਾਂ ਦੂਜੀ ਧਿਰ ਦੇ ਲੋਕਾਂ ਵੱਲੋਂ ਆ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ।ਇਸ ਦੌਰਾਨ ਡਾਕਟਰ ਰੋਹਿਤ ਨੇ ਆਪਣੇ ਕਮਰੇ ਵਿੱਚੋਂ ਭੱਜ ਕੇ ਆਪਣੀ ਜਾਨ ਬਚਾਈ ਪਰ ਹਮਲਾ ਕਰਨ ਵਾਲੇ ਇੱਥੇ ਹੀ ਨਹੀਂ ਰੁਕੇ 'ਤੇ ਵਾਰਡ ਵਿੱਚ ਜਾ ਕੇ ਵੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।
ਹਮਲੇ ਦੌਰਾਨ ਹਸਪਤਾਲ ਦੇ ਸ਼ੀਸ਼ੇ ਵੀ ਟੁੱਟੇ ਹਨ। ਦੂਜੇ ਪਾਸੇ ਹਸਪਤਾਲ ਸਟਾਫ ਨਰਸ ਮੀਨਾ ਨੇ ਕਿਹਾ ਕਿ ਰਾਤ ਵੇਲੇ ਹਸਪਤਾਲ ਵਿੱਚ ਮਹਿਲਾ ਸਟਾਫ ਦੀ ਸੁਰੱਖਿਆ ਦੇ ਇੰਤਜ਼ਾਮ ਕਰਨ ਦੇ ਸਵਾਲ ਵੀ ਚੁੱਕੇ ਗਏ ਹਨ ਪਰ ਹਸਪਤਾਲ ਦੀ ਸੁਰੱਖਿਆ ਨਹੀਂ ਵਧਾਈ ਗਈ । ਹੁਣ ਫਿਰ ਬੀਤੀ ਰਾਤ ਹਸਪਤਾਲ ਵਿੱਚ ਕੁਝ ਲੋਕਾਂ ਨੇ ਦਹਿਸ਼ਤ ਫੈਲਾ ਦਿੱਤੀ ਹੈ। ਹਸਪਤਾਲ ਵਿੱਚ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ।