Amritsar News: ਖਨੌਰੀ ਬਾਰਡਰ ਉੱਪਰ 19 ਮਾਰਚ ਨੂੰ ਜਪੁਜੀ ਸਾਹਿਬ ਦੇ ਚੱਲ ਰਹੇ ਅਖੰਡ ਜਾਪ ਨੂੰ ਵਿਚਾਲੇ ਰੁਕਵਾਉਣ ਅਤੇ ਅਖੰਡ ਜੋਤ ਨੂੰ ਬੰਦ ਕਰਵਾ ਕੇ ਘੋਰ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲ ਕੇ ਅੱਜ ਮਾਤਾ ਦਿਲਜੀਤ ਕੌਰ ਜੋ ਕਿ ਉਸ ਸਮੇਂ ਖਨੌਰੀ ਬਾਰਡਰ ਉੱਪਰ ਜਪੁਜੀ ਸਾਹਿਬ ਜੀ ਦੀ ਵੱਡੀ ਪੋਥੀ ਸਾਹਿਬ ਤੋਂ ਅਖੰਡ ਜਾਪ ਕਰ ਰਹੇ ਸਨ ਅਤੇ ਖਨੌਰੀ ਮੋਰਚੇ ਦੇ ਆਗੂਆਂ ਵਿੱਚ ਸ਼ਾਮਲ ਸੁਖਜੀਤ ਸਿੰਘ ਹਰਦੋ ਝੰਡੇ,ਲਖਵਿੰਦਰ ਸਿੰਘ ਔਲਖ,ਗੁਰਸਾਹਿਬ ਸਿੰਘ ਚਾਟੀਵਿੰਡ, ਮੰਗਲ ਸਿੰਘ ਰਾਮਪੁਰ,ਜਗਜੀਤ ਸਿੰਘ ਮੰਡ, ਹਰਸ਼ਦੀਪ ਸਿੰਘ, ਪਾਲ ਸਿੰਘ ਰਾਈਆਂ ਵੱਲੋਂ ਮਿਲ ਕੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਲਈ ਬੇਨਤੀ ਕੀਤੀ ਗਈ।
ਖਨੌਰੀ ਮੋਰਚੇ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ 25 ਮਾਰਚ ਨੂੰ ਉਹਨਾਂ ਵੱਲੋਂ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਔਨਲਾਈਨ ਦਰਖਾਸਤ ਭੇਜੀ ਗਈ ਸੀ ਜਿਸ ਉਪਰੰਤ ਅੱਜ ਜਥੇਦਾਰ ਸਾਹਿਬ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਸੀ ਜਿਸ ਉਪਰੰਤ ਮੌਕੇ ਉੱਪਰ ਮੌਜੂਦ ਗਵਾਹਾਂ ਅਤੇ ਵਫਦ ਵੱਲੋਂ ਸਿੰਘ ਸਾਹਿਬ ਕੋਲ ਆਪਣੇ ਬਿਆਨ ਦਰਜ ਕਰਵਾ ਦਿੱਤੇ ਗਏ ਹਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਖਨੌਰੀ ਬਾਰਡਰ ਉੱਪਰ 24 ਘੰਟੇ ਗੁਰੂ ਸਾਹਿਬ ਦੀ ਹਜੂਰੀ ਵਿੱਚ ਸੇਵਾ ਕਰਨ ਵਾਲੇ ਗੋਰਾ ਸਿੰਘ ਜਿੰਨਾਂ ਨੂੰ ਪੁਲਿਸ ਵੱਲੋਂ 19 ਮਾਰਚ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਉਹਨਾਂ ਵੱਲੋਂ ਬਾਹਰ ਆ ਕੇ ਦੱਸਿਆ ਗਿਆ ਕਿ ਦੋ ਸੁੰਦਰ ਗੁਟਕਾ ਸਾਹਿਬ ਜਿੰਨਾਂ ਵਿੱਚ 38,38 ਬਾਣੀਆਂ ਦੇ ਪਾਠ ਹੁੰਦੇ ਹਨ ਅਤੇ ਦੋ ਸੈਚੀਆਂ ਜੋ ਕਿ ਪਾਲਕੀ ਸਾਹਿਬ ਦੇ ਵਿੱਚ ਸਨ ਅਤੇ ਦੋ ਵੱਡੀਆਂ ਰਵਾਇਤੀ ਕਿਰਪਾਨਾਂ ਅਤੇ ਇੱਕ ਸ਼੍ਰੀ ਸਾਹਿਬ ਜਿਸ ਨਾਲ ਭੋਗ ਲਵਾਏ ਜਾਂਦੇ ਸਨ ਉਹ ਵੀ ਗਾਇਬ ਹਨ ਜਿਨਾਂ ਬਾਰੇ ਵੀ ਅੱਜ ਸਿੰਘ ਸਾਹਿਬ ਨੂੰ ਮਿਲ ਕੇ ਦੱਸਿਆ ਗਿਆ ਹੈ ਅਤੇ ਜੱਥੇਦਾਰ ਸਾਹਿਬ ਵੱਲੋਂ ਖਨੌਰੀ ਬਾਰਡਰ ਉੱਪਰ 19 ਮਾਰਚ ਨੂੰ ਹੋਈ ਬੇਅਦਬੀ ਦੀ ਜਾਂਚ ਕਰਨ ਸਬੰਧੀ ਸਬ ਕਮੇਟੀ ਬਣਾਉਣ ਦੇ ਆਦੇਸ਼ ਦੇ ਦਿੱਤੇ ਗਏ ਹਨ ਅਤੇ ਉਸ ਕਮੇਟੀ ਵੱਲੋਂ ਇੱਕ ਹਫਤੇ ਦੇ ਵਿੱਚ ਜਾਂਚ ਕਰਕੇ ਉਸ ਦੀ ਰਿਪੋਰਟ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਜਾਵੇਗੀ।
ਕਿਸਾਨ ਆਗੂਆਂ ਕਿਹਾ ਕਿ 13 ਫਰਵਰੀ 2024 ਤੋਂ ਚੱਲ ਰਹੇ ਕਿਸਾਨ ਅੰਦੋਲਨ 02 ਦੇ ਵਿੱਚ ਲੰਬੇ ਸਮੇਂ ਤੋਂ ਕਿਸਾਨ ਵੱਲੋ ਆਪਣੇ ਅਸਥਾਈ ਘਰ ਬਣਾ ਕੇ ਇੱਕ ਪਿੰਡ ਵਸਾਇਆ ਹੋਇਆ ਸੀ ਇੱਥੇ 26 ਨਵੰਬਰ ਤੋਂ ਇੱਕ ਸ਼ੈਡ ਦੇ ਨਾਲ ਟੀਨਾਂ ਦਾ ਕਮਰਾ ਬਣਾ ਕੇ ਵਧੀਆ ਟਰਾਲੀ ਰੂਪੀ ਪਾਲਕੀ ਸਾਹਿਬ ਵਿੱਚ ਜਪੁਜੀ ਸਾਹਿਬ ਦੀ ਪੋਥੀ ਰੱਖ ਕੇ ਅਦਬ ਸਤਿਕਾਰ ਅਤੇ ਮਰਿਆਦਾ ਦੇ ਨਾਲ ਪਾਠ ਚੱਲ ਰਹੇ ਸੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਮਹੀਨਿਆਂ ਤੋਂ ਚੱਲ ਰਹੇ ਅਖੰਡ ਜਾਪ ਦੇ ਪ੍ਰਵਾਹ ਅਤੇ ਚੱਲ ਰਹੀ ਅਖੰਡ ਜੋਤ ਨੂੰ ਬੰਦ ਕਰਵਾ ਕੇ ਘੋਰ ਬੇਅਦਬੀ ਕੀਤੀ ਹੈ।