Balbir Singh Seechewal: ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦਾਅਵਾ ਕਰਦਿਆ ਕਿਹਾ ਕਿ ‘ਸੀਚੇਵਾਲ ਮਾਡਲ’ ਕਿਧਰੇ ਵੀ ਫੇਲ੍ਹ ਨਹੀ ਹੋਇਆ ਸਗੋਂ ਇੰਜੀਨੀਅਰਾਂ ਦਾ ਬਣਾਇਆ ਹੋਇਆ ‘ਥਾਪਰ ਮਾਡਲ’ ਹਰ ਥਾਂ ਫੇਲ੍ਹ ਹੋਇਆ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੀਚੇਵਾਲ ਮਾਡਲ ਨੂੰ ਫੇਲ੍ਹ ਦੱਸਣ ਉਤੇ ਸੂਬੇ ਭਰ ਵਿੱਚ ਰੋਸ ਫੈਲਿਆ ਹੋਇਆ ਹੈ ਕਿ ਰਾਜਨੀਤਿਕ ਆਗੂ ਸਿਰਫ ਬਿਆਨਬਾਜ਼ੀ ਕਰਕੇ ਮਸਲਿਆਂ ਨੂੰ ਉਲਝਾਉਣ ਵਿੱਚ ਦਿਲਚਸਪੀ ਰੱਖਦੇ ਹਨ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ 1999 ਤੋਂ ਉਹਨਾਂ ਦੇ ਆਪਣੇ ਪਿੰਡ ਸੀਚੇਵਾਲ ਵਿੱਚ ਚੱਲ ਰਿਹਾ। ਇਹ ਮਾਡਲ ਅੱਜ ਤੱਕ ਵੀ ਪੂਰੀ ਕਾਮਜ਼ਾਬੀ ਨਾਲ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਵੀ ਕਿਸੇ ਪਿੰਡ ਵਿੱਚ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉੱਥੇ ਦੇ ਰਹਿਣ ਵਾਲੇ ਸਧਾਰਣ ਲੋਕ ਸਮੱਸਿਆ ਦਾ ਹੱਲ ਲੱਭਦੇ ਹਨ ਨਾ ਕਿ ਉਹ ਇੰਜੀਨੀਅਨਰ ਭਾਲਦੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਤੌਰ ਉਤੇ ਪਿੰਡਾਂ ਵਿੱਚ ਲੋਕ ਲੁਹਾਰਾਂ ਤੋਂ ਕੰਮ ਕਰਵਾਉਂਦੇ ਸਨ ਨਾ ਕਿ ਉਹ ਕਿਸੇ ਇੰਜੀਨੀਅਰ ਨੂੰ ਉਡੀਕਦੇ ਸਨ।
ਸੀਚੇਵਾਲ ਮਾਡਲ ਨੂੰ ਫੇਲ੍ਹ ਦੱਸਣ ਵਾਲੇ ਆਗੂਆਂ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਲਗਭਗ 250 ਪਿੰਡਾਂ ਵਿੱਚ ਸੀਚੇਵਾਲ ਮਾਡਲ ਸਫਲਤਾ ਪੂਰਵਕ ਚੱਲ ਰਿਹਾ ਹੈ ਤੇ ਉਹ ਇਸ ਮਾਡਲ ਦੇ ਚੱਲਣ ਦੀ ਪੂਰੀ ਤਰ੍ਹਾਂ ਨਾਲ ਗਾਰੰਟੀ ਦਿੰਦੇ ਹਨ। ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਕਿ ਥਾਪਰ ਮਾਡਲ ਅਸਲ ਵਿੱਚ ਫੇਲ੍ਹ ਮਾਡਲ ਸਾਬਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਥਾਪਰ ਵਾਲਿਆਂ ਤੋਂ ਨਕਲ ਵੀ ਅਕਲ ਨਾਲ ਨਹੀਂ ਮਾਰੀ ਗਈ।
ਉਨ੍ਹਾਂ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ਼ ਦੇ ਹਲਕੇ ਵਿੱਚ ਕੀਤੇ ਦੌਰਾ ਦਾ ਹਵਾਲਾ ਦਿੰਦਿਆ ਕਿਹਾ ਕਿ ਉੱਥੇ ਜਿਹੜੇ ਪਿੰਡਾਂ ਵਿੱਚ ਲੱਖਾਂ ਰੁਪਏ ਖਰਚ ਕਿ ਥਾਪਰ ਮਾਡਲ ਤਹਿਤ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਗਿਆ ਸੀ। ਉਹ ਬੁਰੀ ਤਰ੍ਹਾ ਨਾਲ ਫੇਲ੍ਹ ਸੀ ਤੇ ਲੋਕ ਪਰੇਸ਼ਾਨ ਸਨ। ਉੱਥੇ ਵਿਭਾਗ ਦੇ ਇੰਜੀਨੀਅਰ ਨੇ ਖੁਦ ਸਵੀਕਾਰ ਕੀਤਾ ਸੀ ਕਿ ਉਹ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਨਹੀ ਕਰਵਾ ਸਕੇ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਸਾਲ 2022 ਵਿੱਚ ਥਾਪਰ ਯੂਨੀਵਰਸਿਟੀ ਪਟਿਆਲਾ ਵਿੱਚ ਹੋਈ ਕਾਨਫਰੰਸ ਦੌਰਾਨ ਉੱਥੇ ਜਿਹੜੀ ਪ੍ਰਦਰਸ਼ਨੀ ਲੱਗੀ ਸੀ। ਉਸ ਵਿੱਚ “ਥਾਪਰ ਮਾਡਲ” ਵੀ ਰੱਖਿਆ ਗਿਆ ਸੀ। ਇਸ ਮਾਡਲ ਨੂੰ ਦੇਖਣ ਉਪਰੰਤ ਹੀ ਅਸੀਂ ਇੰਜੀਨੀਅਰਾਂ ਨੂੰ ਕਿਹਾ ਸੀ ਕਿ ਪਾਣੀ ਦੇ ਕੁਨੈਕਸ਼ਨ ਉਲਟ ਦਿੱਤੇ ਹੋਏ ਹਨ। ਸਾਡੇ ਦੱਸਣ ਦੇ ਬਾਵਜੂਦ ਵੀ ਇੰਜੀਨੀਅਰਾਂ ਨੇ ਆਪਣੀ ਗਲਤੀ ਨੂੰ ਨਹੀ ਸੁਧਾਰਿਆ। ਜ਼ਿਕਰਯੋਗ ਹੈ ਕਿ ਥਾਪਰ ਇੰਜੀਨੀਅਰਿੰਗ ਕਾਲਜ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕਰਕੇ ਉਹਨਾਂ ਦੇ ਮਾਡਲ ਨੂੰ ਹੀ ਅਪਣਾਇਆ ਗਿਆ ਸੀ।
ਕੌਮੀ ਨਦੀ ਗੰਗਾ ਨੂੰ ਸਾਫ਼ ਕਰਨ ਲਈ ਵੀ ਅਪਣਾਇਆ ਗਿਆ ਸੀਚੇਵਾਲ ਮਾਡਲ
ਦੇਸ਼ ਦੀ 2525 ਕਿਲੋਮੀਟਰ ਲੰਬੀ ਕੌਮੀ ਨਦੀ ਗੰਗਾ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਵੀ ਇਸਦੇ ਕਿਨਾਰੇ ਵਸਦੇ 1657 ਪਿੰਡਾਂ ਵਿੱਚ ਵੀ ਸੀਚੇਵਾਲ ਮਾਡਲ ਨੂੰ ਲਾਉਣ ਦਾ ਫੈਸਲਾ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਸੀ। ਤਾਲਕਟੋਰਾ ਸਟੇਡੀਅਮ ਦਿੱਲੀ ਵਿੱਚ ਪੰਜ ਸੂਬਿਆਂ ਦੇ ਪੰਚਾਂ ਸਰਪੰਚਾਂ ਦੇ ਹੋਏ ਸੰਮੇਲਨ ਦੌਰਾਨ ਸਿਰਫ ਸੀਚੇਵਾਲ ਮਾਡਲ ਦੀ ਪ੍ਰਦਰਸ਼ਨੀ ਨੂੰ ਹੀ 7 ਕੇਂਦਰੀ ਮੰਤਰੀਆਂ ਦੀ ਹਾਜ਼ਰੀ ਵਿੱਚ ਦਿਖਾਇਆ ਗਿਆ ਸੀ। ਉਸ ਵੇਲੇ ਦੇ ਉਤਰਾਖੰਡ ਦੇ ਕਾਂਗਰਸ ਮੁੱਖ ਮੰਤਰੀ ਹਰੀਸ਼ ਰਾਵਤ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਯੂਪੀ ਦੇ ਸ਼ਾਹਜ਼ਹਾਨਪੁਰ, ਹਰਿਆਣਾ ਅਤੇ ਮੱਧ ਪ੍ਰਦੇਸ਼ ਦੇ ਜੱਬਲਪੁਰ ਇਲਾਕੇ ਵਿੱਚ ਦੀਆਂ ਨਦੀਆਂ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਸੀਚੇਵਾਲ ਮਾਡਲ ਨੂੰ ਰੋਲ ਮਾਡਲ ਮੰਨਿਆ ਗਿਆ ਸੀ।
ਗੱਲਬਾਤ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੱਖਾ ਸਿਧਾਣਾ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਵੀ ਜਵਾਬ ਦਿੱਤਾ। ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ “ਸੀਚੇਵਾਲ ਮਾਡਲ” ਦੇ ਸਦਕਾ ਬੁੱਢੇ ਦਰਿਆ ਵਿੱਚ ਦਹਾਕਿਆਂ ਬਾਅਦ ਸਾਫ਼ ਪਾਣੀ ਵਗਣ ਲੱਗ ਗਿਆ ਹੈ। ਬੁੱਢੇ ਦਰਿਆ ਦੀ ਪਵਿੱਤਰਤਾ ਬਹਾਲ ਕਰਨ ਦੇ ਯਤਨਾਂ ਵਿੱਚ ਲੱਗੇ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਦਾ ਸਿਹਰਾ ਸੰਗਤਾਂ ਸਿਰ ਬੰਨ੍ਹਦਿਆ ਕਿਹਾ ਕਿ ਇਹ ਇਤਿਹਾਸਿਕ ਮੋੜਾ ਹੈ ਜਦੋਂ ਦਹਾਕਿਆ ਬਾਅਦ ਬੁੱਢੇ ਦਰਿਆ ਵਿੱਚ ਸਾਫ ਪਾਣੀ ਵਗਣ ਦੀ ਮੁੜ ਸ਼ੁਰੂਆਤ ਹੋਈ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਗੁਰਦੁਆਰਾ ਗਊਘਾਟ ਤੱਕ ਜਿੱਥੋਂ ਜਿੱਥੋਂ ਵੀ ਦਰਿਆ ਵਿੱਚ ਗੰਦਾ ਪਾਣੀ ਪੈਂਦਾ ਸੀ। ਉਸਦਾ ਪ੍ਰਬੰਧ ਕਰ ਦਿੱਤਾ ਗਿਆ ਹੈ।
ਦਰਿਆ ਵਿੱਚ ਸਭ ਤੋਂ ਵੱਧ ਗੋਹਾ ਪੈ ਰਿਹਾ ਸੀ ਜਿਹੜਾ ਕਿ ਚਾਰ ਚਾਰ ਫੁੱਟ ਤੋਂ ਵੀ ਵੱਧ ਸੀ। ਇਸਦੇ ਕਿਨਾਰੇ ਉਤੇ 72 ਦੇ ਕਰੀਬ ਡੇਅਰੀਆਂ ਸਨ। ਜਿਸਦਾ ਸਿੱਧਾ ਗੋਹਾ ਤੇ ਮੁਤਰਾਲ ਬੁੱਢੇ ਦਰਿਆ ਵਿੱਚ ਪਾਇਆ ਜਾ ਰਿਹਾ ਸੀ। ਪਿਛਲੇ ਢਾਈ ਮਹੀਨਿਆਂ ਤੋਂ ਜਿੱਥੇ ਦਰਿਆ ਵਿੱਚੋਂ ਗੋਹਾ ਕੱਢਿਆ ਗਿਆ ਉੱਥੇ 5 ਪਿੰਡਾਂ ਵਿੱਚ ਸੀਚੇਵਾਲ ਮਾਡਲ ਸਥਾਪਤ ਕੀਤੇ ਗਏ। ਅਜੇ ਉਨ੍ਹਾਂ ਨੇ ਕਿਤੇ ਵੀ ਦਾਅਵਾ ਨਹੀਂ ਕੀਤਾ ਕਿ ਬੁੱਢਾ ਦਰਿਆ ਪੂਰਨ ਤੌਰ ਉਤੇ ਸਾਫ ਚੁੱਕਾ ਹੈ, ਜਿੱਥੇ ਕਾਰ ਸੇਵਾ ਦੀ ਸ਼ੁਰੂਆਤ ਹੋਈ ਹੈ ਉੱਥੇ ਪਾਣੀ ਸਾਫ ਵਗ ਰਿਹਾ ਹੈ ਉੱਥੇ ਆ ਕੇ ਕੋਈ ਵੀ ਚੈੱਕ ਕਰ ਸਕਦਾ ਹੈ। ਜਦੋਂ ਅਸੀਂ ਦਾਅਵਾ ਕਰਾਂਗੇ ਕਿ ਅਸੀਂ ਬੁੱਢਾ ਦਰਿਆ ਪੂਰਨ ਤੌਰ ਤੇ ਸਾਫ ਕਰ ਦਿੱਤਾ ਹੈ ਉਦੋਂ ਹੀ ਅਜਿਹੀਆਂ ਗੱਲਾਂ ਦਾ ਕੋਈ ਫਾਇਦਾ ਨਜ਼ਰ ਆਏਗਾ।