Jalandhar News: ਜਲੰਧਰ ਵਿੱਚ ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਅਧੀਨ ਆਉਂਦੇ ਸ਼ਹੀਦ ਭਗਤ ਸਿੰਘ ਚੌਕ ਦੇ ਨੇੜੇ ਖੁਰਾਨਾ ਐਂਟਰਪ੍ਰਾਈਜ ਵਿੱਚ ਚਾਰ ਮੰਜ਼ਿਲਾਂ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਦਾ ਕਾਰਨ ਕੁਝ ਨੌਜਵਾਨਾਂ ਵੱਲੋਂ ਜਨਮਦਿਨ ਦੀ ਪਾਰਟੀ ਤੇ ਪਟਾਖੇ ਚਲਾਉਣਾ ਦੱਸਿਆ ਜਾ ਰਿਹਾ ਹੈ। ਕੁਝ ਨੌਜਵਾਨਾਂ ਵੱਲੋਂ ਆਪਣਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਅਤੇ ਪਟਾਕੇ ਚਲਾਏ ਜਾ ਰਹੇ ਸਨ, ਜਿਸ ਨਾਲ ਦੁਕਾਨ ਦੀ ਛੱਤ ਉੱਪਰ ਪਈਆਂ ਪਲਾਸਟਿਕ ਦੀਆਂ ਟੈਂਕੀਆਂ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਅੱਗ ਨੇ ਵੱਡਾ ਰੂਪ ਧਾਰਨ ਕਰ ਲਿਆ।
ਇਸ ਮੌਕੇ ਬਾਜ਼ਾਰ ਦੇ ਸਿਕਿਉਰਟੀ ਗਾਰਡ ਵੱਲੋਂ ਫਾਇਰ ਬ੍ਰਿਗੇਡ ਅਤੇ ਦੁਕਾਨ ਮਾਲਕ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਜਦੋ ਦੁਕਾਨ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹਨਾਂ ਨੂੰ ਬਾਜ਼ਾਰ ਦੇ ਸਿਕਿਉਰਟੀ ਗਾਰਡ ਵੱਲੋਂ ਫੋਨ ਕੀਤਾ ਗਿਆ ਸੀ ਕਿ ਤੁਹਾਡੀ ਦੁਕਾਨ ਦੇ ਅੰਦਰੋਂ ਧੂਆਂ ਨਿਕਲ ਰਿਹਾ ਹੈ। ਜਦ ਉਹ ਮੌਕੇ ਤੇ ਪਹੁੰਚੇ ਤਾਂ ਦੁਕਾਨ ਦੀ ਚੌਥੀ ਮੰਜ਼ਿਲ ਦੇ ਅੱਗ ਲੱਗੀ ਹੋਈ ਸੀ, ਪਰ ਬਾਅਦ ਵਿੱਚ ਅੱਗ ਚਾਰਾਂ ਮੰਜ਼ਿਲਾਂ ਤੇ ਫੈਲ ਗਈ। ਦੁਕਾਨ ਮਾਲਕ ਪੁਨੀਤ ਨੇ ਦੱਸਿਆ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਫਾਇਰ ਬ੍ਰਿਗੇਡ ਵੱਲੋਂ ਅੱਗ ਨੂੰ ਬੜੀ ਮੁਸ਼ੱਕਤ ਦੇ ਨਾਲ ਬੁਝਾਇਆ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਕੁਝ ਨੌਜਵਾਨਾਂ ਵੱਲੋਂ ਪਟਾਖੇ ਚਲਾਏ ਗਏ ਸਨ ਜਿਸ ਕਾਰਨ ਉਹਨਾਂ ਦੀ ਦੁਕਾਨ ਵਿੱਚ ਇਹ ਨੁਕਸਾਨ ਹੋਇਆ ਹੈ। ਦੁਕਾਨ ਮਾਲਕ ਦੇ ਕਹਿਣ ਮੁਤਾਬਿਕ ਦੁਕਾਨ ਦੀਆਂ ਚਾਰਾ ਮੰਜ਼ਿਲਾਂ ਵਿੱਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਉਹਨਾਂ ਕਿਹਾ ਕਿ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪੁਨੀਤ ਨੇ ਕਿਹਾ ਕਿ ਸਾਡੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਦਰਖਾਸਤ ਦਿੱਤੀ ਜਾਵੇਗੀ ਅਤੇ ਕਾਰਵਾਈ ਦੀ ਮੰਗ ਕੀਤੀ ਜਾਵੇਗੀ।
ਇਸ ਮੌਕੇ ਜਦੋ ਐਸਐਚਓ ਡਿਵੀਜ਼ਨ ਨੰਬਰ ਤਿੰਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੀ ਅੱਜ ਨਾਈਟ ਡੋਮੀਨੇਸ਼ਨ ਡਿਊਟੀ ਸੀ, ਜਿਸ ਦੌਰਾਨ ਉਹਨਾਂ ਨੂੰ ਕਾਲ ਆਈ ਕਿ ਸ਼ਹੀਦ ਭਗਤ ਸਿੰਘ ਦੇ ਨੇੜੇ ਸੈਨੀਟਰੀ ਦੀ ਦੁਕਾਨ ਵਿੱਚ ਅੱਗ ਲੱਗੀ ਹੈ ਅਤੇ ਉਹ ਮੌਕੇ ਤੇ ਆਪਣੀ ਪੁਲਿਸ ਪਾਰਟੀ ਟੀਮ ਨਾਲ ਪਹੁੰਚ ਗਏ। ਜਿਸ ਤੋਂ ਬਾਅਦ ਉਹਨਾਂ ਵੱਲੋਂ ਮੌਕੇ ਦਾ ਜਾਇਜਾ ਲਿਆ ਗਿਆ ਅਤੇ ਉਹਨਾਂ ਕਿਹਾ ਕਿ ਜੇਕਰ ਪਟਾਕੇ ਚੱਲਣ ਕਾਰਨ ਅੱਗ ਲੱਗਣ ਦੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਇਸਦੀ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਜਾਏਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।