Amritsar News: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ। ਇਸ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਮੀਡੀਆ ਸਾਹਮਣੇ ਰੂ-ਬ-ਰੂ ਹੋਏ ਅਤੇ ਹੁਕਮ ਜਾਰੀ ਕੀਤੇ। ਉਨ੍ਹਾਂ ਨੇ ਕਿਹਾ ਕਿ ਅਕਾਲ ਤਖਤ ਸ੍ਰੀ ਹਰਿਮੰਦਰ ਸਾਹਿਬ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਚਾਲੇ ਵਿਵਾਦ ਖਤਮ ਹੋ ਗਿਆ ਹੈ।
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਮੀਡੀਆ ਵਿੱਚ ਕੋਈ ਵੀ ਬਿਆਨ ਦੇਣ ਤੋਂ ਵਰਜਿਆ ਗਿਆ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਰਣਜੀਤ ਸਿੰਘ ਗੌਹਰ ਨੂੰ ਹੁਕਮ ਜਾਰੀ ਕੀਤੇ ਹਨ ਤੇ ਪਟਨਾ ਸਾਹਿਬ ਕਮੇਟੀ ਖਿਲਾਫ ਕੇਸ ਵਾਪਸ ਲੈਣ ਲਈ ਕਿਹਾ ਹੈ।
ਜਥੇਦਾਰ ਨੇ ਦੱਸਿਆ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਤਨਖਾਹੀਆ ਐਲਾਨ ਸਬੰਧੀ ਸਾਰੇ ਮਤੇ ਵਾਪਸ ਲੈ ਲਏ ਗਏ ਹਨ। ਇਨ੍ਹਾਂ ’ਚ ਜਥੇਦਾਰਕੁਲਦੀਪ ਸਿੰਘ ਗੜਗੱਜ ਜੀ, ਬਾਬਾ ਟੇਕ ਸਿੰਘ ਧਨੌਲਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨਣ ਵਾਲੇ ਮਤੇ ਸ਼ਾਮਲ ਹਨ। ਇਸੇ ਦੇ ਨਾਲ ਹੀ ਕਮੇਟੀ ਵੱਲੋਂ ਜਥੇਦਾਰ ਗੜਗੱਜ ਅਤੇ ਹੋਰ ਸਿੰਘਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਖਿਮਾ ਵੀ ਮੰਗੀ ਗਈ ਹੈ।
ਇਹ ਵੀ ਪੜ੍ਹੋ : Amritsar Beadbi: ਅੰਮ੍ਰਿਤਸਰ ਵਿੱਚ ਕੂੜੇ ਵਾਲੀ ਗੱਡੀ ਵਿੱਚੋਂ ਮਿਲੇ ਗੁਟਕਾ ਸਾਹਿਬ ਦੇ ਅੰਗ; ਸਿੱਖਾਂ ਵਿੱਚ ਭਾਰੀ ਰੋਸ
ਇਸ ਨਤੀਜੇ ਨਾਲ ਕਈ ਮਹੀਨਿਆਂ ਤੋਂ ਚੱਲ ਰਹੀ ਤਣਾਅਪੂਰਨ ਹਾਲਤ ਹੁਣ ਸ਼ਾਂਤ ਹੋਣ ਦੀ ਆਸ ਜਤਾਈ ਜਾ ਰਹੀ ਹੈ। ਇਸ ਦੌਰਾਨ ਜਥੇਦਾਰ ਗੜਗੱਜ ਵੱਲੋਂ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਪਟਨਾ ਸਾਹਿਬ ਕਮੇਟੀ ਵਿਰੁੱਧ ਦਰਜ ਕੀਤਾ ਗਿਆ ਮੁਕੱਦਮਾ ਵਾਪਸ ਲੈਣ। ਉਨ੍ਹਾਂ ਨੇ ਇਹ ਵੀ ਆਦੇਸ਼ ਦਿੱਤਾ ਕਿ ਰਣਜੀਤ ਸਿੰਘ ਗੌਹਰ ਮੀਡੀਆ ਰਾਹੀਂ ਕੋਈ ਬਿਆਨਬਾਜ਼ੀ ਨਾ ਕਰਨ ਅਤੇ ਸਿੱਧੀ ਗੱਲਬਾਤ ਰਾਹੀਂ ਵਿਵਾਦ ਨੂੰ ਸੁਲਝਾਉਣ।
ਇਹ ਵੀ ਪੜ੍ਹੋ : ਯਾਤਰੀਆਂ ਦੀ ਸੁਰੱਖਿਆ ਲਈ ਰੇਲਵੇ ਦਾ ਵੱਡਾ ਫੈਸਲਾ, ਟ੍ਰੇਨਾਂ ਵਿੱਚ ਲਗਾਏ ਜਾਣਗੇ CCTV ਕੈਮਰੇ