Takht Sri Keshgarh Sahib: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਬਣੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜ਼ਪੋਸ਼ੀ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਇਸ ਸਭ ਦੇ ਵਿਚਾਲੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਸਤਿਕਾਰ ਤੇ ਮਾਣ ਅੱਜ ਵੀ ਉਥੇ ਹੀ ਬਰਕਰਾਰ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਨਹੀਂ ਸਗੋਂ ਸਿੱਖ ਪੰਥ ਦੇ ਨੁਮਾਇੰਦੇ ਹਨ।
ਸਾਨੂੰ ਸਾਰਿਆਂ ਨੂੰ ਪੰਥ ਦੇ ਨਿਸ਼ਾਨ ਸਾਹਿਬ ਦੇ ਥੱਲੇ ਇਕਜੁੱਟ ਹੋਣ ਦੀ ਲੋੜ ਹੈ। ਉੁਨ੍ਹਾਂ ਬਿਆਨ ਦਿੰਦਿਆਂ ਕਿਹਾ ਕਿ ਜਿਸ ਦਿਨ ਪੰਥ ਨੇ ਸਮਝਿਆ ਕਿ ਮੇਰੇ 'ਚ ਕਮੀਆਂ ਹਨ, ਮੈਂ ਹੱਥ ਜੋੜ ਕੇ ਸੇਵਾ ਛੱਡ ਦਿਆਂਗਾ। ਉਨ੍ਹਾਂ ਕਿਹਾ ਕਿ ਜਿਹੜਾ ਬਾਅਦ 'ਚ ਸੇਵਾਦਾਰ ਆਵੇਗਾ, ਉਸ ਨੂੰ ਦਸਤਾਰ ਦੇ ਕੇ ਜਾਵਾਂਗੇ।
ਜਥੇਦਾਰ ਗੜਗੱਜ ਨੇ ਕਿਹਾ ਕਿ ਮੈਂ ਇਹ ਸਮਝਦਾ ਹਾਂ ਕਿ ਅਸੀਂ ਸਾਰੇ ਹੀ ਇਕ ਗੁਰੂ ਪੰਥ ਦਾ ਹਿੱਸਾ ਹਾਂ ਅਤੇ ਗੁਰੂ ਪੰਥ ਦਾ ਹਿੱਸਾ ਹੋਣ ਦੇ ਨਾਤੇ ਗੁਰੂ ਪੰਥ ਦੇ ਪ੍ਰਤੀ ਸਾਡੇ ਸਾਰਿਆਂ ਦੇ ਬਹੁਤ ਸਾਰੇ ਫਰਜ਼ ਹਨ ਕਿ ਅਸੀਂ ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਤਤਪਰ ਰਹੀਏ ਤਾਂ ਉਸ ਲਈ ਅਸੀਂ ਤਤਪਰ ਹਾਂ। ਬਾਕੀ ਗੁਰੂ ਨਾਨਕ ਪਾਤਸ਼ਾਹ ਸਭ ਸੱਚ ਜਾਣਦੇ ਹਨ ਅਤੇ ਗੁਰੂ ਤੋਂ ਕੁੱਝ ਵੀ ਲੁਕਿਆ ਨਹੀਂ ਹੁੰਦਾ। ਮੈਂ ਤਾਂ ਇਹੀ ਕਹਾਂਗਾ ਕਿ ਸਾਨੂੰ ਸਾਰਿਆਂ ਨੂੰ ਮਿਲ-ਜੁਲ ਕੇ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰਨੇ ਚਾਹੀਦੇ ਹਨ।
ਇਸ ਮੌਕੇ ਉਨ੍ਹਾਂ ਨੇ ਦਮਦਮੀ ਟਕਸਾਲ ਵੱਲੋਂ ਕੀਤੇ ਜਾ ਰਹੇ ਵਿਰੋਧ ਉਤੇ ਕਿਹਾ ਕਿ ਦਮਦਮੀ ਟਕਸਾਲ ਦਾ ਵੱਡਾ ਇਤਿਹਾਸ ਹੈ। ਇਹ ਟਕਸਾਲਾਂ ਦੀ ਸ਼ਾਨ ਹੈ। ਸਾਰੀਆਂ ਹੀ ਹਸਤੀਆਂ ਸਤਿਕਾਰਯੋਗ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਅਨੰਦਪੁਰ ਸਾਹਿਬ ਦੀ ਧਰਤੀ ਉਤੇ ਜ਼ਰੂਰ ਜਾਣਗੇ, ਉਨ੍ਹਾਂ ਨੂੰ ਉਥੇ ਕਾਹਦਾ ਡਰ। ਉਨ੍ਹਾਂ ਨੇ ਵਿਰੋਧ ਕਰ ਰਹੀਆਂ ਜਥੇਬੰਦੀਆਂ ਸਬੰਧੀ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਕੋਲ ਨੰਗੇ ਪੈਰੀਂ ਵੀ ਜਾਣਾ ਪਿਆ ਤਾਂ ਉਹ ਜਾਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਸਾਰੇ ਗੁਰਸਿੱਖ ਭਰਾ ਹਾਂ ਤੇ ਪੰਥ ਦੀ ਏਕਤਾ ਹੀ ਸਾਰਿਆਂ ਦਾ ਯਤਨ ਹੋਣਾ ਚਾਹੀਦਾ ਹੈ।