Amritsar News: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਇਕ ਧੜੇ ਦਾ ਤਖ਼ਤ ਨਹੀਂ ਹੈ ਬਲਕਿ ਸਾਰਿਆਂ ਦਾ ਸਰਬ ਸਾਂਝਾ ਪ੍ਰਵਾਨਤ ਤਖ਼ਤ ਹੈ ਤੇ ਕੋਈ ਇਕ ਧੜਾ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ ਹੈ।
ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨਤਾ ਦੇ ਦਾਅਵੇ ਬਾਰੇ ਸਵਾਲ ਪੁੱਛਣ ’ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਵਿਚ ਕੁਝ ਰਾਜਨੀਤਕ ਪਾਰਟੀਆਂ ਅਤੇ ਦਰਜਨਾ ਸਿੰਘ ਸਭਾਵਾਂ ਵੱਲੋਂ ਭੇਜੇ ਗਏ ਮੰਗ ਪੱਤਰਾਂ ਵਿਚ ਵੀ ਇਸ ਮਾਮਲੇ ਵਿਚ ਸਵਾਲ ਕੀਤੇ ਗਏ ਹਨ ਕਿ ਇੱਕ ਧੜਾ ਇਹ ਦਾਅਵਾ ਕਰ ਰਿਹਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ ਹਨ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਸਾਰੇ ਹੀ ਪ੍ਰਵਾਨਤ ਧੜੇ ਹਨ।
ਉਹਨਾਂ ਕਿਹਾ ਕਿ 2 ਦਸੰਬਰ 2024 ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਉਸ ਵਿਚ ਸਪਸ਼ਟ ਕੀਤਾ ਗਿਆ ਸੀ ਕਿ ਸਾਰੇ ਧੜਿਆਂ ਨੂੰ ਆਪਣਾ ਚੁੱਲ੍ਹਾ ਸਮੇਟਣਾ ਪਵੇਗਾ ਤੇ ਸਾਰਿਆਂ ਦੀ ਪੰਥਕ ਏਕਤਾ ਦੀ ਗੱਲ ਹੋਵੇਗੀ।
ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜੋ ਵੀ ਝੁੱਕ ਕੇ ਆ ਗਿਆ ਜਾਂ ਲਿੱਫ ਕੇ ਆ ਗਿਆ ਤਾਂ ਉਸਦੀ ਗੱਲ ਹਮੇਸ਼ਾ ਸੁਣੀ ਜਾਂਦੀ ਹੈ, ਗਲੇ ਲਗਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਕੋਈ ਵੀ ਇਕ ਧੜਾ ਇਹ ਦਾਅਵਾ ਨਹੀਂ ਕਰ ਸਕਦਾ ਕਿ ਸਿਰਫ ਅਸੀਂ ਹੀ ਮਾਨਤਾ ਪ੍ਰਾਪਤ ਧੜਾ ਹਾਂ। ਉਹਨਾਂ ਕਿਹਾ ਕਿ ਜਦੋਂ ਵੱਖ-ਵੱਖ ਅਕਾਲੀ ਧੜੇ ਇਹ ਦਾਅਵਾ ਕਰਦੇ ਹਨ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ ਤਾਂ ਉਹ ਦੱਸਣਾ ਚਾਹੁੰਦੇ ਹਨ ਕਿ ਮਿਸਲਾਂ ਵੇਲੇ ਵੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛੱਤਰ ਛਾਇਆ ਹੇਠ ਇਕੱਠੇ ਹੁੰਦੇ ਸਨ।
ਉਹਨਾਂ ਕਿਹਾ ਕਿ ਕਿਸੇ ਵੀ ਇਕ ਧੜੇ ਨੂੰ ਇਹ ਦਾਅਵਾ ਨਹੀਂ ਕਰਨਾ ਚਾਹੀਦਾ ਕਿ ਅਸੀਂ ਹੀ ਮਾਨਤਾ ਪ੍ਰਾਪਤ ਹਾਂ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਰੇ ਧੜਿਆਂ ਦਾ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋਰ ਬਹੁਤ ਸਾਰੇ ਮਸਲੇ ਹਨ। ਉਹਨਾਂ ਕਿਹਾ ਕਿ ਸਾਡੇ ਸਾਰੇ ਹੀ ਆਪਣੇ ਹਨ ਤੇ ਕੋਈ ਵੀ ਬਗਾਨਾ ਨਹੀਂ ਹੈ। ਉਹਨਾਂ ਕਿਹਾ ਕਿ ਕੰਮ ਕਰਨ ਦਾ ਹਰੇਕ ਨੂੰ ਹੱਕ ਹੈ ਪਰ ਕਿਸੇ ਨੂੰ ਹੱਕ ਨਹੀਂ ਕਿ ਉਹ ਦਾਅਵਾ ਕਰੇ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ ਹਾਂ ਤੇ ਬਾਕੀ ਕੋਈ ਨਹੀਂ ਹੈ।