Amritsar News: ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਦ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਗ੍ਰਹਿ ਵਿਖੇ ਉਨ੍ਹਾਂ ਨੂੰ ਮਿਲਿਆ। ਵਫਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਹੋਏ ਆਦੇਸ਼ ਸਬੰਧੀ ਸੰਵਿਧਾਨ ਦੇ ਕੁਝ ਨੁਕਤਿਆਂ ਨੂੰ ਸਾਂਝਾ ਕੀਤਾ ਜਿਸ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੰਵਿਧਾਨ ਮੁਤਾਬਕ ਕੁਝ ਨੁਕਤੇ ਦੱਸੇ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ ਮੁਤਾਬਕ ਵਰਕਿੰਗ ਕਮੇਟੀ ਭੰਗ ਨਹੀਂ ਕੀਤੀ ਜਾ ਸਕਦੀ ਜਿੰਨੀ ਦੇਰ ਤਕ ਨਵੀਂ ਚੋਣ ਨਹੀਂ ਹੁੰਦੀ।
ਭਰਤੀ ਲਈ ਅਤੇ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਦੇ ਅਸਤੀਫੇ ਪ੍ਰਵਾਨ ਕਰਨ ਲਈ ਜਲਦੀ ਹੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਜਾਵੇਗੀ ਜਿਸ ਦੀ ਤਰੀਕ ਆਉਣ ਵਾਲੇ ਦਿਨਾਂ 'ਚ ਤੈਅ ਹੋ ਜਾਵੇਗੀ। ਚੀਮਾ ਨੇ ਕਿਹਾ ਕਿ ਜਥੇਦਾਰ ਨੇ ਉਨ੍ਹਾਂ ਦੇ ਪੱਖ ਨੂੰ ਸੁਣਣ ਤੋਂ ਬਾਅਦ ਸੰਵਿਧਾਨ ਮੁਤਾਬਕ 2 ਦਸੰਬਰ ਨੂੰ ਹੋਏ ਆਦੇਸ਼ ਮੰਨਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਾਰਟੀ ਅਤੇ ਪਾਰਟੀ ਦਾ ਹਰੇਕ ਵਰਕਰ ਸਮਰਪਿਤ ਹੈ ਜੋ ਹਰੇਕ ਹੁਕਮ ਨੂੰ ਮੰਨੇਗੀ l ਉਨ੍ਹਾਂ ਕਿਹਾ ਕਿ ਜਲਦ ਹੀ ਵਰਕਰ ਭਰਤੀ ਹੋਵੇਗੀ ' ਡੈਲੀਗੇਟ ਬਣਨਗੇ ਤੇ ਮੁੜ ਅਹੁਦੇਦਾਰਾਂ ਦੀ ਚੋਣ ਹੋਵੇਗੀ।
ਸ਼੍ਰੋਮਣੀ ਅਕਾਲੀ ਦਲ ਦੀ ਜਥੇਦਾਰ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਮੀਟਿੰਗ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਦਸੰਬਰ ਨੂੰ ਬਣਾਈ ਗਈ ਸੀ ਉਸ ਦਾ ਕੋਈ ਵਜੂਦ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਜਥੇਦਾਰ ਨੇ ਉਨ੍ਹਾਂ ਦੇ ਪੱਖ ਨੂੰ ਸੁਣਨ ਤੋਂ ਬਾਅਦ ਇਹ ਮੰਨ ਕੇ ਅਹਿਸਾਨ ਕੀਤਾ ਹੈ ਕਿ ਸੱਤ ਮੈਂਬਰੀ ਕਮੇਟੀ ਦੀ ਥਾਂ ਤੇ ਜੋ ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਕਹਿੰਦਾ ਹੈ ਉਸ ਮੁਤਾਬਕ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ। ਇਹ ਵੀ ਦੱਸਣਯੋਗ ਹੈ ਕਿ ਇਹ ਸੱਤ ਮੈਂਬਰੀ ਕਮੇਟੀ 'ਚ ਵਿਰੋਧੀ ਧਿਰ ਦੇ ਮੈਂਬਰ ਵੀ ਸ਼ਾਮਲ ਸਨ ਜੋ ਅਕਾਲੀ ਦਲ ਨੂੰ ਲਗਾਤਾਰ ਰੜਕ ਰਹੇ ਸਨ।
ਇਸੇ ਦੇ ਨਾਲ ਅਰਸ਼ਦੀਪ ਸਿੰਘ ਕਲੇਰ ਨੇ ਵੀ ਜ਼ੀ ਮੀਡੀਆ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਧਰਮ ਤਹਿਤ ਅਸੀਂ ਸਾਰੀ ਸੇਵਾ ਅਤੇ ਸਜਾ ਪੂਰੀ ਕਰ ਲਈ ਹੈ ਪਰ ਸੰਵਿਧਾਨ ਅਨੁਸਾਰ ਜੋ ਅਕਾਲੀ ਦਲ ਕਰ ਸਕਦਾ ਹੈ ਅਸੀਂ ਉਹ ਆਦੇਸ਼ ਮੰਨ ਰਹੇ ਹਾਂ ਜੇਕਰ ਅਸੀਂ ਮੁੰਢਲੀ ਮੈਂਬਰਸ਼ਿਪ ਰੱਦ ਕਰਦੇ ਹਾਂ ਤਾਂ ਸੰਵਿਧਾਨ ਅਨੁਸਾਰ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਸਿੰਬਲ ਤੱਕੜੀ ਵੀ ਗੁਵਾ ਕੇ ਬੈਠ ਸਕਦੇ ਹਾਂ ਇਥੋਂ ਤੱਕ ਕਿ ਸਾਡੀ ਪਾਰਟੀ ਵੀ ਰੱਦ ਹੋ ਸਕਦੀ ਹੈ। ਇਸ ਕਰਕੇ ਅਸੀਂ ਸਿੰਘ ਸਾਹਿਬ ਨੂੰ ਇਹਨਾਂ ਗੱਲਾਂ ਤੋਂ ਜਾਣੂ ਕਰਵਾਇਆ ਹੈ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਵਰਕਿੰਗ ਕਮੇਟੀ ਦੀ ਬੈਠਕ ਸੱਦੀ ਜਾਵੇਗੀ ਜਿੱਥੇ ਕਿ ਸੁਖਬੀਰ ਬਾਦਲ ਸਮੇਤ ਹੋਰਨਾਂ ਦੇ ਅਸਤੀਫਿਆਂ ਬਾਰੇ ਚਰਚਾ ਕੀਤੀ ਜਾਵੇਗੀ।