Faridkot News: ਫਰੀਦਕੋਟ ਵਿਚ ਸ਼ਰੇਆਮ ਗੁੰਡਾਗਰਦੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਮੋਟਰਸਾਈਕਲ ਸਵਾਰ ਲੜਕਿਆਂ ਅਤੇ ਉਹਨਾਂ ਨਾਲ ਮੌਜੂਦ ਹੋਰ ਪਰਿਵਾਰਕ ਮੈਂਬਰਾਂ ਨੂੰ ਪਿੱਛੇ ਤੋਂ ਮੋਟਰਸਾਈਕਲਾਂ ਉਤੇ ਸਵਾਰ ਹੋ ਕੇ ਆਏ ਤੇਜ਼ਧਾਰ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਵੱਲੋਂ ਘੇਰ ਕੇ ਕੁੱਟਮਾਰ ਕੀਤੀ ਜਾ ਰਹੀ। ਇਹ ਵੀਡੀਓ ਫਰੀਦਕੋਟ ਦੇ ਸ਼ੈਦੂਸ਼ਾਹ ਚੌਂਕ ਦੀ ਦੱਸੀ ਜਾ ਰਹੀ ਹੈ ਅਤੇ ਜਿਨ੍ਹਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਉਹ ਨੌਜਵਾਨ ਪਿੰਡ ਦਾਨਾ ਰੋਮਾਣਾ ਦੇ ਕਬੱਡੀ ਖਿਡਾਰੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਦੱਸੇ ਜਾ ਰਹੇ ਹਨ।
ਕੀ ਹੈ ਪੂਰਾ ਮਾਮਲਾ ?
ਵਾਇਰਲ ਵੀਡੀਓ ਪਿੰਡ ਦਾਨਾ ਰੋਮਾਣਾ ਦੇ ਨੌਜਵਾਨਾਂ ਦੀ ਦੱਸੀ ਜਾ ਰਹੀ ਹੈ ਜੋ ਕਬੱਡੀ ਖਿਡਾਰੀ ਹਨ ਅਤੇ ਪਿੰਡ ਦੇ ਹੀ ਗਰਾਉਂਡ ਵਿਚ ਕਬੱਡੀ ਖੇਡਦੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦ ਪੀੜਤ ਪਰਿਵਾਰ ਅਤੇ ਕਬੱਡੀ ਖਿਡਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਜ਼ਖ਼ਮੀ ਹਾਲਤ ਵਿਚ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਸੀ। ਗੱਲਬਾਤ ਦੌਰਾਨ ਪੀੜਤ ਕਬੱਡੀ ਖਿਡਾਰੀ ਨੇ ਦੱਸਿਆ ਕਿ ਉਹ ਕਬੱਡੀ ਖਿਡਾਰੀ ਹੈ ਅਤੇ ਪਿੰਡ ਦੇ ਖੇਡ ਗਰਾਊਂਡ ਵਿਚ ਉਹ ਪਿੰਡ ਦੇ ਹੋਰ ਬੱਚਿਆਂ ਨੂੰ ਵੀ ਕਬੱਡੀ ਦੀ ਪ੍ਰੈਕਟਿਸ ਕਰਵਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਮਿਤੀ 5 ਜੁਲਾਈ ਨੂੰ ਜਦ ਉਹ ਗਰਾਉਂਡ ਵਿਚ ਖੇਡ ਰਹੇ ਸਨ ਤਾਂ ਪਿੰਡ ਦੇ ਹੀ ਕੁਝ ਮੁੰਡੇ ਆ ਕੇ ਉਨ੍ਹਾਂ ਦੇ ਗਲ ਪਏ। ਬਾਅਦ ਵਿਚ ਬਚਾਅ ਹੋਇਆ ਅਤੇ ਦੋਹੇ ਧਿਰਾਂ ਆਪੋ ਆਪਣੇ ਘਰੀਂ ਆ ਗਏ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਕਹਿਣ ਉਤੇ ਉਹ ਗੱਲ ਪੈਣ ਵਾਲੇ ਲੜਕਿਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਫਰੀਦਕੋਟ ਪੁਲਿਸ ਥਾਣੇ ਜਾ ਰਹੇ ਸਨ ਤਾਂ ਬਾਬਾ ਸ਼ੈਦੂ ਸ਼ਾਹ ਚੌਂਕ ਫਰੀਦਕੋਟ ਜਦ ਉਹ ਪਹੁੰਚੇ ਤਾਂ ਉਨ੍ਹਾਂ ਦੇ ਪਿੱਛੇ ਆ ਰਹੇ ਕੁਝ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਕੇ ਕੁੱਟਮਾਰ ਕੀਤੀ।
ਉਨ੍ਹਾਂ ਕਿਹਾ ਕਿ ਅਸੀਂ ਹੁਣ ਹਸਪਤਾਲ ਵਿਚ 4 ਲੋਕ ਦਾਖਲ ਹਾਂ ਗੰਭੀਰ ਸੱਟਾਂ ਵੱਜੀਆਂ ਨੇ ਪਰ ਹਾਲੇ ਤੱਕ ਪੁਲਿਸ ਵਲੋਂ ਕਿਸੇ ਵੀ ਮੁਲਜ਼ਮ ਨਹੀਂ ਫੜ੍ਹਿਆ ਨਹੀਂ ਗਿਆ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ।
ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆ ਡੀਐਸਪੀ ਫਰੀਦਕੋਟ ਤਰਲੋਚਣ ਸਿੰਘ ਨੇ ਦੱਸਿਆ ਕਿ ਕਬੱਡੀ ਖਿਡਾਰੀ ਹਰਗੋਬਿੰਦ ਸਿੰਘ ਪਿੰਡ ਦਾਨਾ ਰੋਮਾਣਾ ਦਾ ਰਹਿਣ ਵਾਲਾ ਹੈ ਜੋ ਆਪਣੇ ਸਾਥੀਆਂ ਸਮੇਤ ਮਿਤੀ 5 ਜੁਲਾਈ ਨੂੰ ਆਪਣੇ ਪਿੰਡ ਦੇ ਹੀ ਖੇਡ ਗਰਾਊਂਡ ਵਿਚ ਪ੍ਰੈਕਟਿਸ ਕਰ ਰਿਹਾ ਸੀ ਜਿਥੇ ਕੁਝ ਨੌਜਵਾਨਾਂ ਨਾਲ ਇਨ੍ਹਾਂ ਦੀ ਤਕਰਾਰ ਹੋਈ ਤੇ ਹੱਥੋਪਾਈ ਵੀ ਹੋਏ।
ਉਸ ਤੋਂ ਬਾਅਦ ਕਬੱਡੀ ਖਿਡਾਰੀ ਹਰਗੋਬਿੰਦ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਫਰੀਦਕੋਟ ਥਾਣੇ ਆ ਇਤਲਾਹ ਦੇਣ ਆ ਰਹੇ ਸਨ ਤਾਂ ਕੁਝ ਲੜਕਿਆਂ ਨੇ ਉਨ੍ਹਾਂ ਨੂੰ ਸ਼ੈਦੁਸ਼ਾਹ ਚੌਂਕ ਵਿਚ ਘੇਰ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਸੀ ਜਿਸ ਤੋਂ ਬਾਅਦ ਕਬੱਡੀ ਖਿਡਾਰੀ ਹਰਗੋਬਿੰਦ ਸਿੰਘ ਅਤੇ ਉਸ ਦੇ ਕੁਝ ਸਾਥੀ ਹਸਪਤਾਲ ਦਾਖਲ ਹੋਏ ਸਨ। ਉਨ੍ਹਾਂ ਦੀ ਐਮਐਲਆਰ ਦੇ ਆਧਾਰ ਉਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।