Amritsar News: ਅੰਮ੍ਰਿਤਸਰ ਦੇ ਹਲਕਾ ਉੱਤਰੀ ਵਿਚੋਂ ਆਮ ਆਦਮੀ ਪਾਰਟੀ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਬਾਹਰ ਕਰਕੇ ਹੁਣ ਕਰਮਜੀਤ ਸਿੰਘ ਰਿੰਟੂ ਨੂੰ 'ਅੰਦਰ' ਕਰ ਲਿਆ ਹੈ। 'ਆਪ' ਨੇ ਕਰਮਜੀਤ ਸਿੰਘ ਰਿੰਟੂ ਨੂੰ ਅੰਮ੍ਰਿਤਸਰ ਉੱਤਰੀ ਦਾ ਹਲਕਾ ਇੰਚਾਰਜ ਲਗਾਇਆ ਗਿਆ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹਲਕਾ ਉੱਤਰੀ ਦੀ ਜਗ੍ਹਾ ਕਰਮਜੀਤ ਸਿੰਘ ਨੂੰ ਨਵਾਂ ਹਲਕਾ ਇੰਚਾਰਜ ਨਿਯੁਕਤ ਗਿਆ ਹੈ।
ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਆਮ ਆਦਮੀ ਪਾਰਟੀ ਨੇ ਪਾਰਟੀ ਤੋਂ ਬਾਹਰ ਕੀਤਾ ਸੀ। ਕਰਮਜੀਤ ਸਿੰਘ ਰਿੰਟੂ ਇਸ ਮੌਕੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵੀ ਹਨ। ਰਿੰਟੂ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਨੇ ਮੇਰੀ ਲਗਾਈ ਹੈ ਮੈਂ ਤਨਦੇਹੀ ਦੇ ਨਾਲ ਅੰਮ੍ਰਿਤਸਰ ਹਲਕਾ ਉੱਤਰੀ ਦੀ ਨਹੀਂ ਪੂਰੇ ਅੰਮ੍ਰਿਤਸਰ ਸ਼ਹਿਰ ਦੀ ਸੇਵਾ ਕਰਾਂਗਾ।
ਉਨ੍ਹਾਂ ਨੇ ਕਿਹਾ ਕਿ ਮੈਂ ਪਿਛਲੇ 25 ਸਾਲ ਤੋਂ ਐਕਟਿਵ ਪੋਲੀਟਿਕਸ ਵਿੱਚ ਹਾਂ ਅਤੇ ਅੰਮ੍ਰਿਤਸਰ ਦੀ ਸੇਵਾ ਕਰ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਬਤੌਰ ਅੰਮ੍ਰਿਤਸਰ ਦਾ ਮੇਅਰ ਵੀ ਰਿਹਾ ਹਾਂ ਇਸ ਤੋਂ ਇਲਾਵਾ ਮੈਂ ਹੁਣ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਵੀ ਹਾਂ ਅਤੇ ਹੁਣ ਪਾਰਟੀ ਨੇ ਮੈਨੂੰ ਨਵੀਂ ਜ਼ਿੰਮੇਵਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਹਲਕਾ ਉੱਤਰੀ ਤੋਂ ਹਲਕਾ ਇੰਚਾਰਜ ਲਗਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਅਤੇ ਮੇਰਾ ਇੱਕੋ ਟੀਚਾ ਹੈ ਕਿ ਅੰਮ੍ਰਿਤਸਰ ਨੂੰ ਸਿਫਤੀ ਦਾ ਸ਼ਹਿਰ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਇਹ ਖੂਬੀ ਹੈ ਕਿ ਉਹ ਆਮ ਵਰਕਰ ਨੂੰ ਮੌਕਾ ਦਿੰਦੇ ਹਨ ਅਤੇ ਆਮ ਘਰਾਂ ਦੇ ਬੱਚੇ ਹੀ ਵੱਡੀਆਂ ਕੁਰਸੀਆਂ ਉਤੇ ਬੈਠੇ ਹਨ। ਉਨ੍ਹਾਂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਹੋਰਾਂ ਨੇ ਮੈਨੂੰ ਫੋਨ ਕਰਕੇ ਮੁਬਾਰਕਬਾਦ ਦਿੱਤੀ ਹੈ ਅਤੇ ਕਿਹਾ ਹੈ ਕਿ ਤਨਦੇਹੀ ਨਾਲ ਅੰਮ੍ਰਿਤਸਰ ਸ਼ਹਿਰ ਦੀ ਸੇਵਾ ਕਰੋ।
ਕਾਬਿਲੇਗੌਰ ਹੈ ਕਿ ਸਾਬਕਾ ਆਈਪੀਐੱਸ ਅਧਿਕਾਰੀ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਨੇ 5 ਸਾਲਾਂ ਲਈ ਬਾਹਰ ਕੱਢ ਦਿੱਤਾ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਸਿੰਘ ਉੱਤੇ ਪੰਜਾਬ ਸਰਕਾਰ ਦੀਆਂ ਕਾਰਵਾਈਆਂ ਵਿੱਚ ਦਖਲ ਦੇਣ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲਗਾਕੇ ਇਹ ਕਾਰਵਾਈ ਕੀਤੀ ਗਈ ਸੀ।