Khanna News: ਖੰਨਾ ਸ਼ਹਿਰ ਵਿੱਚ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਖੰਨਾ ਪੁਲਿਸ ਨੇ ਇੱਕ ਸੁਨਿਆਰ ਕੋਲੋਂ ਇੱਕ ਕਿਲੋ ਸੋਨੇ ਦੀ ਫਿਰੌਤੀ ਮੰਗਣ ਅਤੇ ਉਸਦੇ ਪੁੱਤਰ ਨੂੰ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਯੂਟਿਊਬਰ ਅਭਿਸ਼ੇਕ ਕੁਮਾਰ ਨੂੰ ਮੁੱਖ ਮਾਸਟਰਮਾਈਂਡ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸਦੇ ਨਾਲ ਉਸਦੇ ਭਰਾ ਨਿਹਾਲ ਉਰਫ਼ ਨਿਹਾਰ ਅਤੇ ਨਕਲੀ ਸਿਮ ਕਾਰਡ ਵੇਚਣ ਵਾਲਾ ਤੀਰਥ ਸਿੰਘ ਉਰਫ਼ ਮੰਗਾ ਨੂੰ ਵੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਭਿਸ਼ੇਕ “VIP Bsheka” ਨਾਮ ਦਾ ਯੂਟਿਊਬ ਚੈਨਲ ਚਲਾਉਂਦਾ ਸੀ, ਜਿਸ ‘ਤੇ ਉਹ ਕਈ ਪ੍ਰਸਿੱਧ ਹਸਤੀਆਂ ਦੇ ਘਰਾਂ ਤੋਂ ਵੀ ਲਾਈਵ ਬਲੌਗਿੰਗ ਕਰ ਚੁੱਕਾ ਹੈ। ਪਰ ਜਿਵੇਂ ਜਿਵੇਂ ਯੂਟਿਊਬ ਤੋਂ ਉਸਦੀ ਆਮਦਨ ਘਟਣੀ ਸ਼ੁਰੂ ਹੋਈ, ਉਹ ਅਪਰਾਧ ਦੀ ਦੁਨੀਆ ਵੱਲ ਵੱਧਦਾ ਗਿਆ। ਪੁਲਿਸ ਜਾਂਚ ਦੌਰਾਨ ਪਤਾ ਲੱਗਾ ਕਿ ਉਸਨੇ ਪੂਰੀ ਯੋਜਨਾ ਬਿਨਾਂ ਕਿਸੇ ਬਾਹਰੀ ਮਦਦ ਦੇ, ਸਥਾਨਕ ਪੱਧਰ ''ਤੇ ਹੀ ਬਣਾਈ। ਉਸਨੇ ਨਕਲੀ ਸਿਮ ਕਾਰਡ ਦੀ ਵਰਤੋਂ ਕਰਕੇ 9 ਮਈ 2025 ਨੂੰ ਸੁਨਿਆਰ ਸ਼੍ਰੀਕਾਂਤ ਵਰਮਾ ਨੂੰ ਕਾਫੀ ਵਾਰ ਫੋਨ ਲਗਾਇਆ।
ਸ਼੍ਰੀਕਾਂਤ ਵਰਮਾ ਨੇ ਦੱਸਿਆ ਫੋਨ 'ਤੇ ਪਹਿਲੀ ਕਾਲ ਦੌਰਾਨ, ਕਾਲ ਕਰਨ ਵਾਲੇ ਨੇ ਆਪਣਾ ਨਾਂ “ਪ੍ਰੇਮਾ ਸ਼ੂਟਰ” ਦੱਸਿਆ ਅਤੇ ਕਿਹਾ ਕਿ ਉਸਨੂੰ ਸ਼੍ਰੀਕਾਂਤ ਅਤੇ ਉਸਦੇ ਪਰਿਵਾਰ ਨੂੰ ਮਾਰਨ ਦੀ ਸੁਪਾਰੀ ਮਿਲੀ ਹੈ। ਕੁਝ ਸਮੇਂ ਬਾਅਦ ਦੂਜੀ ਕਾਲ ਆਈ ਜਿਸ ਵਿੱਚ ਕਿਹਾ ਗਿਆ ਕਿ “ਤੁਹਾਡੇ ਕੋਲ ਸਿਰਫ 13 ਮਿੰਟ ਹਨ, ਇੱਕ ਕਿਲੋ ਸੋਨਾ ਤਿਆਰ ਰੱਖੋ।” ਤੀਜੀ ਕਾਲ ਵਿੱਚ ਫ਼ਿਰ ਤੋ ਧਮਕੀ ਦਿੱਤੀ ਗਈ ਤੇ ਕਿਹਾ ਗਿਆ ਕਿ “ ਅਸੀਂ ਤੇਰੇ ਪੁੱਤ ਨੂੰ ਮਾਰ ਦਿਆਂਗੇ ਜੇਕਰ ਆਪਣੇ ਪੁੱਤਰ ਦੀ ਜਾਨ ਬਚਾਉਣਾ ਚਾਹੁੰਦਾ ਹੈ ਤਾਂ ਸੋਨਾ ਲਿਫਾਫੇ ਵਿੱਚ ਪਾ ਕੇ ਗ੍ਰੀਨਲੈਂਡ ਹੋਟਲ ਦੇ ਸਾਹਮਣੇ ਪੁਲ 'ਤੇ ਛੱਡ ਦੇ।” ਇਹ ਸੁਣ ਕੇ ਸ਼੍ਰੀਕਾਂਤ ਬੁਰੀ ਤਰ੍ਹਾਂ ਡਰ ਗਿਆ।
ਸ਼੍ਰੀਕਾਂਤ ਨੇ ਤੁਰੰਤ ਥਾਣਾ ਸਿਟੀ-2 ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਫ਼ੌਰੀ ਕਾਰਵਾਈ ਕਰਦਿਆਂ ਤਕਨੀਕੀ ਜਾਂਚ ਸ਼ੁਰੂ ਕੀਤੀ। ਕਾਲ ਡਿਟੇਲ, ਮੋਬਾਈਲ ਟ੍ਰੈਕਿੰਗ ਅਤੇ ਸਾਈਬਰ ਵਿਭਾਗ ਦੀ ਮਦਦ ਨਾਲ ਪੁਲਿਸ ਵਲੋਂ ਸਾਜ਼ਿਸ਼ਕਾਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਭਾਰਤੀ ਦੰਡ ਸੰਜੀਵਨੀ ਦੀ ਧਾਰਾ 308(2) ਅਤੇ 351(2) ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਕਿਹਾ ਕਿ ਜਾਂਚ ਹਾਲੇ ਜਾਰੀ ਹੈ ਅਤੇ ਹੋਰ ਲੋਕ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋ ਸਕਦੇ ਹਨ। ਸਾਈਬਰ ਸੈੱਲ ਦੀ ਮਦਦ ਨਾਲ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਹੋਰ ਐਕਟਿਵਿਟੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਸਾਫ਼ ਕਿਹਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।।