Khanna News: ਖੰਨਾ ਪੁਲਿਸ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ''ਤੇ ਅਦਾਲਤਾਂ ਤੋਂ ਜ਼ਮਾਨਤਾਂ ਲੈਣ ਵਾਲੇ ਇੱਕ ਗਿਰੋਹ ਦਾ ਭੰਡਾਫੋੜ ਕਰਦਿਆਂ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਹੋਏ ਦੋਸ਼ੀਆਂ ਦੀ ਪਛਾਣ ਸੁਰਜੀਤ ਸਿੰਘ ਵਾਸੀ ਪਿੰਡ ਦੁਰਗਾਪੁਰ, ਥਾਣਾ ਭਾਦਸੋਂ, ਜ਼ਿਲ੍ਹਾ ਪਟਿਆਲਾ ਅਤੇ ਮਹਿਮਾ ਸਿੰਘ ਵਾਸੀ ਰਾਜਪੁਰਾ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ ''ਚੋਂ ਪੁਲਿਸ ਨੇ 9 ਜਾਅਲੀ ਆਧਾਰ ਕਾਰਡ, ਨਾਇਬ ਤਹਿਸੀਲਦਾਰ ਦੀ ਜਾਅਲੀ ਮੋਹਰ, ਇੱਕ ਫਰਜ਼ੀ ਮੁੱਲਾਂਕਣ ਸਰਟੀਫਿਕੇਟ, ਅਤੇ ਮੋਹਰ ਲੱਗੀਆਂ ਹੋਈਆਂ ਜਾਅਲੀ ਫਰਦਾਂ ਬਰਾਮਦ ਕੀਤੀਆਂ ਹਨ। ਪੁਲਿਸ ਅਨੁਸਾਰ, ਇਹ ਗਿਰੋਹ ਲੰਬੇ ਸਮੇਂ ਤੋਂ ਅਜਿਹੀ ਗਤੀਵਿਧੀ ''ਚ ਲਿਪਤ ਸੀ ਅਤੇ ਅੱਜ ਤੱਕ 25 ਤੋਂ ਵੱਧ ਕੇਸਾਂ ਵਿੱਚ ਜ਼ਮਾਨਤਾਂ ਕਰਵਾ ਚੁੱਕਾ ਹੈ।
ਐਸਐਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਮੁਖਬਰ ਰਾਹੀਂ ਇਹ ਸੂਚਨਾ ਮਿਲੀ ਕਿ ਆਜ਼ਾਦ ਨਗਰ ਖੰਨਾ ''ਚ ਰਹਿਣ ਵਾਲਾ ਸੁਰਜੀਤ ਸਿੰਘ ਇਸ ਗਿਰੋਹ ਨੂੰ ਚਲਾ ਰਿਹਾ ਸੀ। ਸਿਟੀ ਥਾਣਾ-1 ਦੇ ਐਸਐਚਓ ਵਿਨੋਦ ਕੁਮਾਰ ਅਤੇ ਏਐਸਆਈ ਪ੍ਰਗਟ ਸਿੰਘ ਦੀ ਅਗਵਾਈ ''ਚ ਪੁਲਿਸ ਟੀਮ ਨੇ ਤਹਿਸੀਲ ਖੰਨਾ ਵਿੱਚ ਛਾਪਾ ਮਾਰਿਆ ਅਤੇ ਦੋਸ਼ੀਆਂ ਨੂੰ ਕਾਬੂ ਕੀਤਾ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਗਿਰੋਹ ਪਹਿਲਾਂ ਕਿਸੇ ਅਸਲੀ ਆਧਾਰ ਕਾਰਡ ਵਿੱਚ ਇਕ ਅੰਕ ਦੀ ਤਬਦੀਲੀ ਕਰ ਕੇ ਨਕਲੀ ਆਧਾਰ ਕਾਰਡ ਤਿਆਰ ਕਰਦਾ ਸੀ। ਫਿਰ ਨਾਇਬ ਤਹਿਸੀਲਦਾਰ ਦੀ ਨਕਲੀ ਮੋਹਰ ਲਗਾ ਕੇ ਜਾਅਲੀ ਫਰਦ ਤਿਆਰ ਕਰਕੇ ਅਦਾਲਤ ''ਚ ਜ਼ਮਾਨਤ ਦਾਇਰ ਕਰਵਾਈ ਜਾਂਦੀ ਸੀ। ਐਸਐਸਪੀ ਨੇ ਕਿਹਾ ਕਿ ਇਹ ਸੰਗਠਿਤ ਗਿਰੋਹ ਇੱਕ ਜ਼ਮਾਨਤ ਲਈ 50 ਹਜ਼ਾਰ ਤੋਂ 70 ਹਜ਼ਾਰ ਰੁਪਏ ਤੱਕ ਲੈਂਦਾ ਸੀ, ਜਦਕਿ ਵੱਡੇ ਅਤੇ ਗੰਭੀਰ ਮਾਮਲਿਆਂ ਵਿੱਚ ਰਕਮ ਲੱਖਾਂ ਤੱਕ ਵੀ ਲਈ ਜਾਂਦੀ ਸੀ।
ਪੁਲਿਸ ਹੁਣ ਚਾਰ ਹੋਰ ਦੋਸ਼ੀਆਂ — ਹਰਵਿੰਦਰ ਸਿੰਘ (ਮੋਗਾ), ਸ਼ਮਸ਼ੇਰ ਖਾਨ, ਰਾਜਵੀਰ ਸਿੰਘ ਉਰਫ ਰਾਜਾ ਉਰਫ ਗੁਰਮੀਤ ਸਿੰਘ ਅਤੇ ਹਰਮੀਤ ਸਿੰਘ (ਭਾਦਸੋਂ) — ਦੀ ਭਾਲ ਕਰ ਰਹੀ ਹੈ। ਐਸਐਸਪੀ ਡਾ. ਜੋਤੀ ਯਾਦਵ ਨੇ ਕਿਹਾ ਕਿ “ਅਸੀਂ ਦੋਸ਼ੀਆਂ ਨੂੰ ਰਿਮਾਂਡ ''ਤੇ ਲੈ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਤੇ ਕਿਸੇ ਸਰਕਾਰੀ ਕਰਮਚਾਰੀ ਦੀ ਭੂਮਿਕਾ ਤਾਂ ਨਹੀਂ। ਜੇਕਰ ਅਜਿਹਾ ਮਿਲਿਆ ਤਾਂ ਉਸ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ।”