Kharar: ਖਰੜ ਵਿੱਚ ਸਥਿਤ ਰਿਆਤ ਬਾਹਰਾ ਯੂਨੀਵਰਸਿਟੀ ਦੇ ਨੇੜੇ ਖੁੱਲ੍ਹੇ ਇੱਕ ਸ਼ਰਾਬ ਦੇ ਠੇਕੇ ਖ਼ਿਲਾਫ਼ ਅੱਜ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (NSUI) ਵੱਲੋਂ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। NSUI ਦੇ ਪ੍ਰਧਾਨ ਇਸ਼ਰਪ੍ਰੀਤ ਦੀ ਅਗਵਾਈ ਹੇਠ ਸੈਂਕੜੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ।
ਇਸ਼ਰਪ੍ਰੀਤ ਨੇ ਠੇਕੇ ਖਿਲਾਫ਼ ਗੁੱਸਾ ਜਤਾਉਂਦਿਆਂ ਕਿਹਾ ਕਿ "ਜੇ ਯੂਨੀਵਰਸਿਟੀ ਦੇ ਕੋਲ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ ਤਾਂ ਸਰਕਾਰ ਨੂੰ ਹਰ ਵਿਦਿਆਰਥੀ ਨੂੰ ਇੱਕ-ਇੱਕ ਬੋਤਲ ਵੀ ਦੇਣੀ ਚਾਹੀਦੀ ਸੀ!" ਇਹ ਬਿਆਨ ਦਿੰਦੇ ਹੋਏ ਵਿਦਿਆਰਥੀਆਂ ਵੱਲੋਂ ਕਾਪੀਆਂ ਨੂੰ ਵੀ ਅੱਗ ਲਗਾਈ ਗਈ। ਉਨ੍ਹਾਂ ਅੱਗੇ ਕਿਹਾ ਕਿ ਇਹ ਠੇਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਬਰਬਾਦ ਕਰਨ ਵਾਲਾ ਇਕ ਖ਼ਤਰਨਾਕ ਕਦਮ ਹੈ। "ਜੇਕਰ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਹੋ ਤਾਂ ਇਨ੍ਹਾਂ ਠੇਕਿਆਂ ਨੂੰ ਗੁਰਦੁਆਰਿਆਂ, ਸਕੂਲਾਂ ਤੇ ਯੂਨੀਵਰਸਿਟੀਆਂ ਦੇ ਨੇੜਲੇ ਖੇਤਰਾਂ 'ਚੋਂ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ।"
ਇਸ ਠੇਕੇ ਦੀ ਦੂਰੀ ਯੂਨੀਵਰਸਿਟੀ ਤੋਂ 120 ਮੀਟਰ ਹੈ, ਇੱਕ ਪਾਸੇ ਸਰਕਾਰ "ਯੁੱਧ ਨਸ਼ਾ ਵਿਰੁੱਧ" ਵਰਗੀਆਂ ਮੁਹਿੰਮਾਂ ਚਲਾ ਰਹੀ ਹੈ ਅਤੇ ਦੂਜੇ ਪਾਸੇ ਸਿੱਖਿਆ ਖੇਤਰਾਂ ਦੇ ਨੇੜੇ ਠੇਕੇ ਖੋਲ੍ਹੇ ਜਾ ਰਹੇ ਹਨ। ਵਿਦਿਆਰਥਣਾਂ ਨੇ ਵੀ ਆਪਣੇ ਡਰ ਨੂੰ ਬਿਆਨ ਕਰਦਿਆਂ ਕਿਹਾ ਕਿ ਠੇਕੇ ਦੇ ਆਲੇ-ਦੁਆਲੇ ਹਮੇਸ਼ਾ ਨਸ਼ੇ ਵਿੱਚ ਧੁੱਤ ਲੋਕ ਮਿਲਦੇ ਹਨ ਜੋ ਉਨ੍ਹਾਂ ਨੂੰ ਛੇੜਦੇ ਹਨ ਅਸੀਂ ਕਿਸੇ ਹੋਰ ਰਸਤੇ ਰਾਹੀਂ ਵੀ ਆ ਜਾ ਨਹੀਂ ਸਕਦੇ ਕਿਉਂਕਿ ਇਹ ਰਸਤਾ ਮੇਨ ਹਾਈਵੇ ਨੂੰ ਜਾਣ ਵਾਲਾ ਇਕਲੌਤਾ ਰਸਤਾ ਹੈ। ਕੱਲ੍ਹ ਇੱਥੇ ਕਾਲਜ ਤੋਂ ਵਾਪਸ ਘਰ ਜਾ ਰਹੀ ਦੋ ਕੁੜੀਆਂ ਨੂੰ ਨਸ਼ੇੜੀਆਂ ਵੱਲੋਂ ਛੇੜਿਆ ਗਿਆ। ਵਿਰੋਧ ਦੌਰਾਨ ਵਿਦਿਆਰਥੀਆਂ ਨੇ ਪੋਸਟਰ ਲਹਿਰਾ ਕੇ ਤੇ ਨਾਅਰੇ ਲਗਾ ਕੇ ਸਰਕਾਰ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਪ੍ਰਦਰਸ਼ਨਕਾਰੀਆਂ ਨੇ ਠੇਕੇ ਦੇ ਸ਼ਟਰ ਬੰਦ ਕਰ ਦਿੱਤੇ ਅਤੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਠੇਕਾ ਦੁਬਾਰਾ ਚਾਲੂ ਕੀਤਾ ਗਿਆ ਤਾਂ NSUI ਵੱਲੋਂ ਵੱਡਾ ਆੰਦੋਲਨ ਕੀਤਾ ਜਾਵੇਗਾ।
ਕਾਲਜ ਪ੍ਰਸ਼ਾਸਨ ਵੱਲੋਂ ਕਈ ਵਾਰ ਐਸਡੀਐਮ ਨੂੰ ਠੇਕੇ ਖਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਨਸ਼ਿਆਂ ਖ਼ਿਲਾਫ਼ ਚੱਲ ਰਹੀਆਂ ਸਰਕਾਰੀ ਮੁਹਿੰਮਾਂ ਨੂੰ ਹਕੀਕਤ ਵਿੱਚ ਲਿਆਂਦਾ ਜਾਵੇ ਅਤੇ ਸਿੱਖਿਆ ਖੇਤਰਾਂ ਦੇ ਨੇੜਲੇ ਇਹ ਠੇਕੇ ਤੁਰੰਤ ਬੰਦ ਕੀਤੇ ਜਾਣੇ ਚਾਹੀਦੇ ਹਨ।