Farmers Protest: ਕਿਸਾਨ ਮਜ਼ਦੂਰ ਮੋਰਚਾ ਭਾਰਤ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਮੀਟਿੰਗ ਲੁਧਿਆਣਾ ਦੇ ਗੁਰਦੁਆਰਾ ਰੇਰੂ ਸਾਬ੍ਹ ਵਿਖੇ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਜਾਣਕਾਰੀ ਦਿੰਦੇ ਆਗੂਆਂ ਨੇ ਦੱਸਿਆ ਕਿ 4 ਘੰਟੇ ਚੱਲੀ ਮੀਟਿੰਗ ਦੌਰਾਨ ਜਾਰੀ ਸੰਘਰਸ਼ ਦੇ ਵੱਖ-ਵੱਖ ਪਹਿਲੂਆਂ ਉਤੇ ਵਿਚਾਰ ਚਰਚਾ ਕੀਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ, ਹਰਿਆਣਾ ਸਰਕਾਰ ਵੱਲੋਂ ਸੜਕਾਂ ਬੰਦ ਕੀਤੇ ਜਾਣ ਕਾਰਨ ਸ਼ੰਭੂ ਖਨੌਰੀ ਅਤੇ ਰਤਨਪੁਰਾ ਬਾਡਰਾਂ ਤੇ ਕੇਂਦਰ ਸਰਕਾਰ ਖਿਲਾਫ ਲੱਗੇ ਮੋਰਚਿਆਂ ਨੂੰ ਧੋਖੇ ਨਾਲ ਆਗੂ ਗ੍ਰਿਫ਼ਤਾਰ ਕਰਕੇ ਚੁੱਕਿਆ ਗਿਆ ਹੈ, ਉਸਨੂੰ ਦੇਖਦੇ ਇਸ ਵੇਲੇ ਪੰਜਾਬ ਸਰਕਾਰ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਦੋਨਾਂ ਫੋਰਮਾਂ ਨੇ ਫੈਸਲਾ ਕੀਤਾ ਹੈ ਕਿ 2 ਮਈ ਨੂੰ ਸਾਂਝੇ ਪ੍ਰੋਗਰਾਮ ਤਹਿਤ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਤੇ ਮੰਗ ਪੱਤਰ ਦਿੱਤੇ ਜਾਣਗੇ ਜਿਨ੍ਹਾਂ ਵਿੱਚ ਮੁੱਖ ਮੰਗਾਂ ਤੌਰ ਉਤੇ ਪਿਛਲੇ ਦਿਨੀਂ ਕਣਕ ਦੀ ਫਸਲ ਦਾ, ਗੜ੍ਹੇਮਾਰੀ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ, ਹੋਏ ਨੁਕਸਾਨ ਨੂੰ ਦੇਖਦੇ ਹੋਏ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਬਾਰਡਰਾਂ ਤੋਂ ਕਿਸਾਨ ਅੰਦੋਲਨ ਨੂੰ ਖਦੇੜਨ ਲਈ ਕੀਤੇ ਹਮਲੇ ਵਿੱਚ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ ਉੱਤੇ ਪੁਲਸੀਆ ਜਬਰ ਦੌਰਾਨ ਹੋਏ ਲਾਠੀਚਾਰਜ ਕਰਨ ਅਤੇ ਹੋਰ ਕਿਸਾਨਾਂ ਮਜ਼ਦੂਰਾਂ ਤੇ ਤਸ਼ੱਦਦ ਕਰਨ ਵਾਲੇ ਪੁਲਿਸ ਮੁਲਾਜ਼ਮਾ ਨੂੰ ਸਸਪੈਂਡ ਕੀਤਾ ਜਾਵੇ, ਬਾਰਡਰਾਂ ਤੋਂ ਚੋਰੀ ਕੀਤੇ ਗਏ ਸਾਰੇ ਸਮਾਨ ਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇ, ਕਣਕ ਦੀ ਖਰੀਦ ਦੇ ਚਾਲੂ ਸੀਜ਼ਨ ਦੌਰਾਨ ਮੰਡੀਆਂ ਵਿੱਚ ਕਿਸਾਨ ਕੋਲੋਂ ਖਰਚਾ ਜੇ ਫਾਰਮ ਅਨੁਸਾਰ ਲਿਆ ਜਾਵੇ।
ਇਨ੍ਹਾਂ ਮੰਗਾਂ ਨੂੰ ਲੈ ਕੇ 2 ਮਈ ਨੂੰ ਪੰਜਾਬ ਅੰਦਰ ਸਾਰੇ ਡੀਸੀ ਦਫਤਰਾਂ ਵਿੱਚ ਮੰਗ ਪੱਤਰ ਦਿੱਤੇ ਜਾਣਗੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਉਖਾੜਨ ਵੇਲੇ ਪੰਜਾਬ ਸਰਕਾਰ ਦੀ ਪੁਲਿਸ ਵੱਲੋਂ ਜਬਰ ਕਰਦੇ ਹੋਏ ਕਿਸਾਨਾਂ ਮਜ਼ਦੂਰਾਂ ਤੇ ਅੱਤਿਆਚਾਰ ਕੀਤਾ ਗਿਆ ਅਤੇ ਬਲਵੰਤ ਸਿੰਘ ਬਹਿਰਾਮ ਕੇ ਪ੍ਰਧਾਨ ਬੀਕੇਯੂ ਬਹਿਰਾਮਕੇ ਤੇ ਅਚਨਚੇਤ 20 ਤਰੀਕ ਨੂੰ ਥਾਣਾ ਸ਼ੰਭੂ ਦੇ ਐਸਐਚਓ ਹਰਪ੍ਰੀਤ ਸਿੰਘ ਵੱਲੋਂ ਪੁਲਿਸ ਬਲ ਲੈ ਕੇ ਹਮਲਾ ਕੀਤਾ ਗਿਆ, ਜਿਸ ਵਿੱਚ ਉਹਨਾਂ ਨੂੰ ਭਾਰੀ ਸੱਟਾਂ ਲੱਗੀਆਂ, ਇਸ ਜਬਰ ਦੇ ਵਿਰੁੱਧ 6 ਮਈ ਨੂੰ ਦੋਨਾਂ ਫੋਰਮਾਂ ਵੱਲੋਂ ਥਾਣਾ ਸ਼ੰਭੂ ਦਾ ਘਿਰਾਓ ਕੀਤਾ ਜਾਵੇਗਾ।
ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ 4 ਮਈ ਦੀ ਕੇਂਦਰ ਦੇ ਮੰਤਰੀਆਂ ਨਾਲ ਕਿਸਾਨ ਅੰਦੋਲਨ ਦੀਆਂ ਮੰਗਾਂ ਸਬੰਧੀ ਮੀਟਿੰਗ ਲਈ ਕੇਂਦਰ ਸਰਕਾਰ ਵੱਲੋਂ ਸੱਦਾ ਪੱਤਰ ਪ੍ਰਾਪਤ ਹੋਇਆ ਹੈ, ਜਿਸ ਦੇ ਜਵਾਬ ਵਿੱਚ ਦੋਨਾਂ ਫੋਰਮਾਂ ਵੱਲੋਂ ਜਵਾਬੀ ਚਿੱਠੀ ਲਿਖ ਕੇ ਕੇਂਦਰ ਸਰਕਾਰ ਨੂੰ ਇਹ ਸੂਚਿਤ ਕਰ ਦਿੱਤਾ ਗਿਆ ਹੈ ਕਿ ਦੋਨਾਂ ਫੋਰਮਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਕੇਂਦਰ ਸਰਕਾਰ ਕਿਸਾਨ ਅੰਦੋਲਨ 2 ਦੀਆਂ ਮੰਗਾਂ ਤੇ ਮੀਟਿੰਗ ਕਰਨ ਦੀ ਇਛੁੱਕ ਹੈ ਤਾਂ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਕਿਸੇ ਵੀ ਤਰੀਕੇ ਦਾ ਕੋਈ ਪ੍ਰਤੀਨਿਧ ਨਹੀਂ ਬੈਠਣਾ ਚਾਹੀਦਾ।
ਉਨ੍ਹਾਂ ਨੇ ਕਿਹਾ ਕਿ ਅਸੀਂ ਮੀਟਿੰਗ ਤੋਂ ਕਦੇ ਨਹੀਂ ਪਿੱਛੇ ਹਟਦੇ ਕਿਉਂਕਿ ਮੀਟਿੰਗਾਂ ਰਾਹੀਂ ਹੀ ਮਸਲਿਆਂ ਦੇ ਹੱਲ ਨਿਕਲਦੇ ਹਨ, ਪਰ ਜਿਸ ਤਰੀਕੇ ਦਾ ਧੋਖਾ ਪੰਜਾਬ ਸਰਕਾਰ ਨੇ ਮੀਟਿੰਗ ਕਰਨ ਆਏ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਕੀਤਾ ਹੈ, ਇਸ ਤੋਂ ਬਾਅਦ ਇਸ ਮਸਲੇ ਤੇ ਵਾਪਸ ਪੰਜਾਬ ਸਰਕਾਰ ਦੇ ਹੀ ਮੰਤਰੀਆਂ ਨਾਲ ਬੈਠਣਾ ਲੋਕ ਭਾਵਨਾਵਾਂ ਦੇ ਵਿਰੁੱਧ ਹੈ, ਜਿਸ ਕਾਰਨ ਜਥੇਬੰਦੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਅਗਰ ਇਸ ਚਿੱਠੀ ਦੇ ਬਾਵਜੂਦ ਪੰਜਾਬ ਸਰਕਾਰ ਦੇ ਪ੍ਰਤੀਨਿਧੀ ਇਸ ਮੀਟਿੰਗ ਵਿੱਚ ਬੈਠਦੇ ਹਨ ਤਾਂ ਜਥੇਬੰਦੀਆਂ ਵੱਲੋਂ ਇਸ ਮੀਟਿੰਗ ਦਾ ਬਾਈਕਾਟ ਕੀਤਾ ਜਾਵੇਗਾ।
ਇਸ ਮੌਕੇ ਜਸਵਿੰਦਰ ਸਿੰਘ ਲੌਂਗੋਵਾਲ, ਕਾਕਾ ਸਿੰਘ ਕੋਟੜਾ, ਮਨਜੀਤ ਸਿੰਘ ਰਾਏ, ਅਭਿਮੰਨੂ ਕੋਹਾੜ, ਗੁਰਅਮਨੀਤ ਸਿੰਘ ਮਾਂਗਟ, ਸੁਖਜੀਤ ਸਿੰਘ ਹਰਦੋਝੰਡੇ, ਬਲਦੇਵ ਸਿੰਘ ਜੀਰਾ, ਸੁਖਦੇਵ ਸਿੰਘ ਭੋਜਰਾਜ, ਬਲਵੰਤ ਸਿੰਘ ਬਹਿਰਾਮਕੇ, ਰਾਣਾ ਰਣਬੀਰ ਸਿੰਘ, ਸਤਨਾਮ ਸਿੰਘ ਬਹਿਰੂ, ਅਮਰਜੀਤ ਸਿੰਘ ਮੋਹੜੀ, ਦਿਲਬਾਗ ਸਿੰਘ ਗਿੱਲ, ਬਲਕਾਰ ਸਿੰਘ ਬੈਂਸ, ਸ਼ੇਰ ਸਿੰਘ ਅਠਵਾਲ, ਨਸੀਬ ਸਿੰਘ ਸਾਂਘਣਾ ਹਾਜ਼ਰ ਰਹੇ।