Amritsar News: ਲੈਂਡ ਪੁਲਿੰਗ ਨੀਤੀ ਦੇ ਵਿਰੋਧ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ਉਤੇ ਮੋਟਰਸਾਈਕਲ ਰੈਲੀ ਕੀਤੀ ਜਾ ਰਹੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਨ ਸਿੰਘ ਪੰਧੇਰ ਅਤੇ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਪੰਜਾਬ ਵਿੱਚ ਧੱਕੇ ਨਾਲ ਬਣੇ ਸੁਪਰ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਕਾਰਪੋਰੇਟ ਜਗਤ ਤੇ ਕੇਂਦਰ ਸਰਕਾਰ ਦੀਆਂ ਡਿਡੋਤਾਂ ਕਰਦਿਆਂ ਲੈਂਡ ਪੁਲਿੰਗ ਸਕੀਮ ਅਧੀਨ ਪੰਜਾਬ ਦੇ ਕਿਸਾਨਾਂ ਦੀ 65533 ਏਕੜ ਉਪਜਾਊ ਜ਼ਮੀਨ ਬੇਲੋੜੇ ਤੇ ਬੇਢੰਗੇ ਸ਼ਹਿਰੀਕਰਨ ਕਰਨ ਲਈ ਐਕਵਾਇਰ ਕੀਤੀ ਹੈ ਤੇ ਅਜੇ 1 ਲੱਖ ਏਕੜ ਹੋਰ ਵੱਡੇ ਉਦਯੋਗ ਲਗਾਉਣ ਲਈ ਉਦਯੋਗਿਕ ਪਾਰਕ ਦੇ ਨਾਮ ਹੇਠ ਕਿਸਾਨਾਂ ਤੋਂ ਖੋਹਣ ਦੀ ਤਿਆਰੀ ਹੈ। ਦਿੱਲੀ ਤੋਂ ਆਏ ਧਾੜਵੀਆਂ ਦੇ ਇਸ ਧੱਕੇ ਨੂੰ ਰੋਕਣ ਲਈ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਤੇ ਗਏ ਅੱਜ ਦੇ 11 ਅਗਸਤ ਨੂੰ ਪੰਜਾਬ ਭਰ ਵਿੱਚ ਮੋਟਰਸਾਈਕਲ ਮਾਰਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੱਢਿਆ ਜਾ ਰਿਹਾ ਹੈ।
15 ਜ਼ਿਲ੍ਹਿਆਂ ਜਿਵੇਂ ਮੋਗਾ, ਮੁਕਤਸਰ, ਫਾਜ਼ਿਲਕਾ, ਜਲਾਲਾਬਾਦ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਰੋਪੜ, ਪਟਿਆਲਾ, ਬਠਿੰਡਾ ਆਦਿ ਵਿੱਚ ਹਜ਼ਾਰਾਂ ਕਿਸਾਨਾਂ, ਮਜਦੂਰਾਂ, ਬੀਬੀਆਂ ਵੱਲੋਂ ਪੂਰੇ ਰੋਹ ਨਾਲ ਮਾਰਚ ਵਿੱਚ ਹਿੱਸਾ ਲੈਕੇ 1 ਇੰਚ ਵੀ ਜ਼ਮੀਨ ਨਾ ਦੇਣ ਦੇ ਐਲਾਨ ਕੀਤਾ ਹੈ ਤੇ ਕੇਜਰੀਵਾਲ ਤੇ ਉਸ ਦੀ ਜੁੰਡਲੀ ਨੂੰ ਪੁਲਿਸ ਤੇ ਫੌਜ ਲੈਕੇ ਜ਼ਮੀਨਾਂ ਵਿੱਚ ਆਉਣ ਦੀ ਸਿੱਧੀ ਚੁਣੌਤੀ ਦਿੱਤੀ ਜਾਵੇਗੀ।
ਕਿਸਾਨ ਆਗੂ ਨੇ ਅੱਗੇ ਦੱਸਿਆ ਕਿ ਇਸ ਮਸਲੇ ਨੂੰ ਲੈਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜ਼ਿਲ੍ਹਾ ਜਲੰਧਰ ਦੇ ਪਿੰਡ ਕੁੱਕੜ ਦੀ ਦਾਣਾ ਮੰਡੀ ਵਿੱਚ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਸ਼ਾਮਲ ਹੋਕੇ 1 ਲੱਖ ਤੋਂ ਵੱਧ ਕਿਸਾਨ, ਮਜ਼ਦੂਰ, ਬੀਬੀਆਂ, ਨੌਜਵਾਨ, ਬੱਚੇ ਇਸ ਲੋਕ ਵਿਰੋਧੀ ਰਾਜ ਪ੍ਰਬੰਧ ਤੇ ਕਾਰਪੋਰੇਟ ਜਗਤ ਦੀਆਂ ਜੜ੍ਹਾਂ ਵਿੱਚ ਤੇਲ ਦੇਣਗੇ। ਕਿਸਾਨ ਆਗੂ ਨੇ ਅੱਗੇ ਦੱਸਿਆ ਕਿ ਪਿੰਡਾਂ ਵਿੱਚ ਮਤੇ ਪਾਸ ਕਰਕੇ ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ, ਭਾਜਪਾ ਦੇ ਕਿਸੇ ਵੀ ਆਗੂ ਨੂੰ ਪਿੰਡਾਂ ਵਿੱਚ ਵੜਨ ਨਾ ਦੇਣ ਦੇ ਫੈਸਲੇ ਕੀਤੇ ਜਾ ਰਹੇ ਹਨ ਤੇ ਇਸ ਸਬੰਧੀ ਪਿੰਡਾਂ ਵਿੱਚ ਬੋਰਡ ਲੱਗ ਰਹੇ ਹਨ।
ਕਿਸਾਨ ਆਗੂ ਨੇ ਅੱਗੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਵੱਲੋਂ ਬਿਜਲੀ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਲੜੇ ਜਾ ਰਹੇ ਸੰਘਰਸ਼ ਦੀ ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ ਪੂਰੀ ਪੂਰੀ ਹਮਾਇਤ ਕੀਤੀ ਜਾਂਦੀ ਹੈ ਤੇ ਕਿਸੇ ਵੀ ਕੀਮਤ ਉਤੇ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ, ਕਿਸਾਨਾਂ,ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕੀਤਾ ਜਾਵੇ, ਸ਼ੰਭੂ, ਖਨੌਰੀ ਬਾਰਡਰਾਂ ਉਤੇ ਪੁਲਿਸ ਜ਼ਬਰ ਕਰਦਿਆਂ 3 ਕਰੋੜ 77 ਲੱਖ ਰੁਪਏ ਦੀਆਂ ਵਸਤਾਂ ਦੇ ਕੀਤੇ ਨੁਕਸਾਨ ਦੀ ਭਰਪਾਈ ਤਰੁੰਤ ਕੀਤੀ ਜਾਵੇ ਤੇ ਅਬਾਦਕਾਰ ਕਿਸਾਨਾਂ ਨੂੰ ਵਿਧਾਨਸਭਾ ਵਿੱਚ ਕਾਨੂੰਨ ਬਣਾਕੇ ਪੱਕੇ ਮਾਲਕੀ ਹੱਕ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹਨ ਅਤੇ ਉਹ ਆਪਣੇ-ਆਪਣੇ ਤਰੀਕਿਆਂ ਨਾਲ ਸਰਕਾਰ ਦੇ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕਰ ਰਹੀਆਂ ਹਨ।