Kotkapura News (ਖੇਮ ਚੰਦ): ਕੋਟਕਪੂਰਾ ਵਿਖੇ ਜੈਤੋ ਚੁੰਗੀ ਨੇੜੇ ਸੀਵਰੇਜ ਅਤੇ ਨਾਲੀਆਂ ਦਾ ਪਾਣੀ ਓਵਰਫਲੋ ਹੋ ਜਾਂਦਾ ਹੈ, ਜਿਸ ਕਾਰਨ ਇਸ ਇਲਾਕੇ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦੇ ਪਾਣੀ ਦੇ ਓਵਰਫਲੋ ਦੀ ਇਹ ਸਮੱਸਿਆ ਪਿਛਲੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ। ਜਿਸ ਕਾਰਨ ਇਸ ਇਲਾਕੇ ਦੇ ਲੋਕ ਹੁਣ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ।
ਇਸ ਸਬੰਧ ਵਿੱਚ ਬਾਰ-ਬਾਰ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਨਗਰ ਕੌਂਸਲ ਦੇ ਵੱਲੋਂ ਇਸ ਮਾਮਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਸਮੱਸਿਆ ਦੇ ਕਾਰਨ ਪਹਿਲਾਂ ਹੀ ਕਈ ਦੁਕਾਨਾਂ ਬੰਦ ਹੋ ਚੁੱਕੀਆਂ ਹਨ ਅਤੇ ਆਉਣ ਵਾਲੇ ਬਰਸਾਤ ਦੇ ਸੀਜ਼ਨ ਦੇ ਵਿੱਚ ਲੋਕਾਂ ਨੂੰ ਹੋਰ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
ਜਾਣਕਾਰੀ ਦੇ ਮੁਤਾਬਕ ਜੈਤੋ ਚੁੰਗੀ ਦੇ ਨੇੜਲੇ ਇਲਾਕੇ ਵਿੱਚ ਅਕਸਰ ਹੀ ਸੀਵਰੇਜ ਜਾਮ ਰਹਿੰਦਾ ਹੈ ਜਿਸ ਦੇ ਕਾਰਨ ਨਾਲੀਆਂ ਦਾ ਪਾਣੀ ਵੀ ਓਵਰਫਲੋ ਹੋ ਜਾਂਦਾ ਹੈ ਅਤੇ ਸੜਕ ਗੰਦੇ ਪਾਣੀ ਨਾਲ ਭਰ ਜਾਂਦੀ ਹੈ। ਬਰਸਾਤ ਦੇ ਸੀਜ਼ਨ ਦੇ ਵਿੱਚ ਇਹ ਸਮੱਸਿਆ ਕਈ ਗੁਣਾ ਵੱਧ ਜਾਂਦੀ ਹੈ ਅਤੇ ਕਈ ਦਿਨਾਂ ਤੱਕ ਇਸ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੁੰਦੀ।
ਇਸ ਮਾਮਲੇ ਬਾਰੇ ਮੌਕੇ ਤੇ ਦੁਕਾਨਦਾਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸੜਕ ਤੇ ਗੰਦਾ ਪਾਣੀ ਖੜਾ ਹੋਣ ਦੇ ਕਾਰਨ ਉਨਾਂ ਦੀਆਂ ਦੁਕਾਨਾਂ ਤੇ ਗਾਹਕ ਨਹੀਂ ਆ ਰਹੇ ਅਤੇ ਉਹ ਕਈ ਵਾਰ ਸਾਰਾ ਦਿਨ ਹੀ ਵਿਹਲੇ ਬੈਠ ਕੇ ਘਰ ਵਾਪਸ ਚਲੇ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ। ਮੌਕੇ ਤੇ ਮੌਜੂਦ ਦੁਕਾਨਦਾਰਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਅਤੇ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਸਮੇਤ ਹੋਰ ਅਧਿਕਾਰੀ ਮੌਕੇ ਤੇ ਵੀ ਜਾਇਜਾ ਵੀ ਲੈ ਕੇ ਜਾਂਦੇ ਹਨ, ਪਰ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਉਹਨਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਇਸ ਵੱਲ ਤੁਰੰਤ ਧਿਆਨ ਦੇ ਕੇ ਦੁਕਾਨਦਾਰਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਹੈ।