Kotkapura News (ਖੇਮ ਚੰਦ): ਕੋਟਕਪੂਰਾ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਸਮੇਤ ਹੋਰ ਮੁਢਲੀਆਂ ਸਹੂਲਤਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ 7 ਐਮ.ਸੀਜ਼ ਵੱਲੋਂ ਨਗਰ ਕੌਂਸਲ ਦਫਤਰ ਦੇ ਮੁੱਖ ਗੇਟ ਤੇ ਤਾਲਾ ਲਾ ਕੇ ਦਿਨ ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਨਾ ਐਮ.ਸੀਜ਼ ਦਾ ਇਲਜ਼ਾਮ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਕੋਟਕਪੂਰਾ ਸ਼ਹਿਰ ਦੀ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਨਗਰ ਕੌਂਸਲ ਨੂੰ ਹਰ ਤਰ੍ਹਾਂ ਦੀ ਮਸ਼ੀਨਰੀ ਅਤੇ ਸਾਧਨ ਮੁਹਈਆ ਕਰਵਾਏ ਗਏ ਹਨ ਲੇਕਿਨ ਉਨਾਂ ਦੀ ਸਹੀ ਢੰਗ ਦੇ ਨਾਲ ਵਰਤੋਂ ਨਹੀਂ ਕੀਤੀ ਜਾ ਰਹੀ ਅਤੇ ਜਰੂਰਤ ਪੈਣ ਤੇ ਮੁਲਾਜ਼ਮਾਂ ਵੱਲੋਂ ਮਸ਼ੀਨਰੀ ਦੇ ਖਰਾਬ ਹੋਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਮਾਨਸੂਨ ਦੇ ਸੀਜਨ ਦੇ ਚਲਦਿਆਂ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਇੱਕ ਵੱਡੀ ਸਮੱਸਿਆ ਬਣ ਕੇ ਸਾਹਮਣੇ ਆਈ ਹੈ ਲੇਕਿਨ ਇਸ ਵੱਲ ਵੀ ਨਗਰ ਕੌਂਸਲ ਦੇ ਪ੍ਰਧਾਨ ਸਮੇਤ ਹੋਰ ਅਧਿਕਾਰੀਆਂ ਨੇ ਕੋਈ ਧਿਆਨ ਨਹੀਂ ਦਿੱਤਾ। ਜਿਸ ਦੇ ਰੋਸ਼ ਵਿੱਚ ਉਹ ਨਗਰ ਕੌਂਸਲ ਦਫਤਰ ਨੂੰ ਹੀ ਤਾਲਾ ਲਾਉਣ ਵਾਸਤੇ ਮਜਬੂਰ ਹੋਏ ਹਨ।
ਧਰਨਾਕਾਰੀ ਐਮ.ਸੀਜ਼ ਵਿੱਚ ਸ਼ਾਮਿਲ ਸਵਤੰਤਰ ਜੋਸ਼ੀ, ਸਿਮਰਨਜੀਤ ਸਿੰਘ, ਕਾਕੂ ਸ਼ਰਮਾ ਅਰੁਣ ਚਾਵਲਾ, ਰੋਮਾ ਬਰਾੜ ਸਮੇਤ ਹੋਰ ਐਮ.ਸੀਜ਼ ਨੇ ਕਿਹਾ ਕਿ ਜਦੋਂ ਤੱਕ ਕੋਟਕਪੂਰਾ ਸ਼ਹਿਰ ਵਿੱਚ ਲੋਕਾਂ ਨੂੰ ਰਾਹਤ ਦੇਣ ਵਾਲੇ ਕਾਰਜ ਸ਼ੁਰੂ ਨਹੀਂ ਕੀਤੇ ਜਾਂਦੇ ਉਹਨਾਂ ਵੱਲੋਂ ਇਸ ਧਰਨੇ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਉੱਪਰ ਨਗਰ ਕੌਂਸਲ ਦੇ ਪ੍ਰਧਾਨ ਅਤੇ ਅਧਿਕਾਰੀਆਂ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਗਈ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਰੋਮਾ ਬਰਾੜ, ਸਿਮਰਨਜੀਤ ਸਿੰਘ ਅਤੇ ਸਵਤੰਤਰ ਜੋਸ਼ੀ ਨੇ ਕਿਹਾ ਕਿ ਐਮ.ਸੀਜ਼ ਵੱਲੋਂ ਬਾਰ-ਬਾਰ ਕਹੇ ਜਾਣ ਦੇ ਬਾਵਜੂਦ ਨਗਰ ਕੌਂਸਲ ਦੇ ਪ੍ਰਧਾਨ ਦਾ ਸ਼ਹਿਰ ਦੀ ਸਮੱਸਿਆਵਾਂ ਵੱਲ ਕੋਈ ਧਿਆਨ ਹੀ ਨਹੀਂ ਹੈ ਅਤੇ ਲੋਕ ਪਰੇਸ਼ਾਨੀਆਂ ਝਲ ਰਹੇ ਹਨ ਇਹੋ ਜਿਹੀ ਨਗਰ ਕੌਂਸਲ ਦਾ ਸ਼ਹਿਰ ਨੂੰ ਜਦੋਂ ਕੋਈ ਫਾਇਦਾ ਹੀ ਨਹੀਂ ਹੈ ਤਾਂ ਇਸ ਨੂੰ ਤਾਲਾ ਹੀ ਲਾ ਦੇਣਾ ਚਾਹੀਦਾ ਹੈ।