Kotkapura News: ਕੋਟਕਪੂਰਾ ਦੇ ਪਿੰਡ ਸੰਧਵਾਂ ਵਿਖੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਸੱਦੇ ਦੇ ਮੁਤਾਬਕ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ਸੂਬਾ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਦੋਹਾਂ ਮੋਰਚਿਆਂ ਵੱਲੋਂ ਐਮਐਸਪੀ ਗਰੰਟੀ ਕਾਨੂੰਨ ਸਮੇਤ 12 ਮੰਗਾਂ ਨੂੰ ਲੈ ਕੇ ਸੂਬੇ ਭਰ ਦੇ ਵਿੱਚ ਹੀ ਮੁੱਖ ਮੰਤਰੀ ਸਮੇਤ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਅੱਗੇ ਧਰਨੇ ਦਿੱਤੇ ਜਾ ਰਹੇ ਹਨ ਅਤੇ ਇਸੇ ਲੜੀ ਦੇ ਤਹਿਤ ਕੋਟਕਪੂਰਾ ਵਿਖੇ ਵਿਧਾਨ ਸਭਾ ਸਪੀਕਰ ਦੇ ਘਰ ਮੂਰੇ ਧਰਨਾ ਦਿੱਤਾ ਗਿਆ।
ਇਸ ਮੌਕੇ 'ਤੇ ਕਿਸਾਨ ਆਗੂਆਂ ਨੇ ਆਮ ਆਦਮੀ ਪਾਰਟੀ 'ਤੇ ਕਿਸਾਨਾਂ ਦੇ ਨਾਲ ਵਿਸ਼ਵਾਸ ਘਾਤ ਕਰਨ ਦੇ ਇਲਜ਼ਾਮ ਲਾਏ ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਵੱਡੇ ਪੱਧਰ 'ਤੇ ਆਮ ਆਦਮੀ ਪਾਰਟੀ ਦੀ ਹਮਾਇਤ ਕਰਕੇ ਉਨ੍ਹਾਂ ਦੀ ਸਰਕਾਰ ਬਣਾਈ ਸੀ। ਪਰ ਇਹ ਸਰਕਾਰ ਵੀ ਦੂਜੀਆਂ ਪਾਰਟੀਆਂ ਵਾਂਗ ਕਿਸਾਨ ਅਤੇ ਲੋਕ ਵਿਰੋਧੀ ਸਾਬਤ ਹੋਈ ਹੈ।
ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਖਨੌਰੀ ਅਤੇ ਸ਼ੰਭੂ ਬਾਰਡਰ ਵਿੱਚ ਸ਼ਾਂਤੀ ਪੂਰਵਕ ਢੰਗ ਦੇ ਨਾਲ ਚੱਲ ਰਹੇ ਮੋਰਚਿਆਂ ਨੂੰ ਨਾ ਸਿਰਫ ਜਬਰਨ ਖਤਮ ਕਰਵਾਇਆ ਗਿਆ। ਬਲਕਿ ਕਿਸਾਨਾਂ ਦਾ ਕੀਮਤੀ ਸਮਾਨ ਅਤੇ ਟਰਾਲੀਆਂ ਇਤਿਆਦੀ ਚੋਰੀ ਵੀ ਕਰਵਾਈਆਂ ਗਈਆਂ। ਜਿਸ ਵਿੱਚ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਵਿਧਾਇਕਾਂ ਦੇ ਰਿਸ਼ਤੇਦਾਰਾਂ ਅਤੇ ਪੁਲਿਸ ਅਧਿਕਾਰੀਆਂ ਦੇ ਨਾਂ ਵੀ ਸਾਹਮਣੇ ਆਏ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਅੱਜ ਸੰਕੇਤਿਕ ਧਰਨੇ ਦਿੱਤੇ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪਾਰਟੀ ਦੇ ਆਗੂਆਂ ਮੰਤਰੀਆਂ ਵਿਧਾਇਕਾਂ ਦਾ ਪਿੰਡਾਂ ਵਿੱਚ ਆਉਣ 'ਤੇ ਵਿਰੋਧ ਵੀ ਕੀਤਾ ਜਾਵੇਗਾ ਅਤੇ ਇਹ ਅੰਦੋਲਨ ਉਦੋਂ ਤੱਕ ਜਾਰੀ ਰਵੇਗਾ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਨਾਲ ਹੀ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਕੀਤੇ ਗਏ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ।
ਇਹ ਵੀ ਪੜ੍ਹੋ: Punjab Farmers Protest: ਕਿਸਾਨਾਂ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਦੇ ਅੱਗੇ 4 ਘੰਟੇ ਲਈ ਧਰਨਾ ਸ਼ੁਰੂ; ਜਾਣੋ ਮੁੱਖ ਮੰਗਾਂ