Home >>Punjab

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆ ਰਹੀਆਂ ਸ਼ਤਾਬਦੀਆਂ ਮਨਾਉਣ ਬਾਰੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਵਿਦਵਾਨਾਂ ਨਾਲ ਅਹਿਮ ਵਿਚਾਰਾਂ

Punjab News: ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਦਿੱਤੇ ਗਏ ਵੱਖ-ਵੱਖ ਸੁਝਾਵਾਂ ਦਾ ਸਵਾਗਤ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬੀ ਯੂਨੀਵਰਸਿਟੀ ਬੜੀ ਹੀ ਸੁਹਿਰਦਤਾ ਨਾਲ਼ ਇਸ ਦਿਸ਼ਾ ਵਿੱਚ ਕਾਰਜ ਕਰ ਰਹੀ ਹੈ।

Advertisement
ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆ ਰਹੀਆਂ ਸ਼ਤਾਬਦੀਆਂ ਮਨਾਉਣ ਬਾਰੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਵਿਦਵਾਨਾਂ ਨਾਲ ਅਹਿਮ ਵਿਚਾਰਾਂ
Manpreet Singh|Updated: Jun 25, 2025, 06:35 PM IST
Share

Punjab News: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਸਰਕਾਰ ਵੱਲੋਂ ਇਸੇ ਸਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੀ ਸ਼ਤਾਬਦੀ ਅਤੇ 2026 ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਦੀ ਸ਼ਤਾਬਦੀ ਨੂੰ ਪੂਰੀ ਸ਼ਾਨੋ-ਸ਼ੌਕਤ, ਸ਼ਰਧਾ-ਸਤਿਕਾਰ ਅਤੇ ਆਧੁਨਿਕ ਢੰਗ ਦੇ ਸੁਮੇਲ ਨਾਲ ਮਨਾਉਣ ਲਈ ਵਿਚਾਰ ਵਟਾਂਦਰਾ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਅਤੇ ਹੋਰ ਵਿਦਵਾਨਾਂ ਦੀ ਕਮੇਟੀ ਨਾਲ ਇੱਕ ਅਹਿਮ ਬੈਠਕ ਕੀਤੀ।

ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਵੱਡੇ ਪ੍ਰੋਗਰਾਮ ਉਲੀਕ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸੇ ਲਈ ਉਹ ਬਤੌਰ ਨਿਮਾਣੇ ਸਿੱਖ ਪੰਜਾਬ ਸਰਕਾਰ ਵੱਲੋਂ ਸੰਗਤ ਅਤੇ ਵਿਦਵਾਨਾਂ ਅਤੇ ਇਤਿਹਾਸਕ ਮਾਹਰਾਂ ਦੀਆਂ ਕਮੇਟੀਆਂ ਕੋਲੋਂ ਸੁਝਾਓ ਲੈ ਰਹੇ ਹਨ ਤਾਂਕਿ ਪੰਜਾਬ ਸਰਕਾਰ ਸੰਗਤ ਦੀਆਂ ਭਾਵਨਾਵਾਂ ਮੁਤਾਬਕ ਇਹ ਦਿਹਾੜੇ ਤੇ ਮਹਾਨ ਸ਼ਤਾਬਦੀਆਂ ਪੂਰੀ ਸ਼ਰਧਾ, ਸਤਿਕਾਰ ਅਤੇ ਧਾਰਮਿਕ ਭਾਵਨਾ ਨਾਲ ਮਨਾ ਸਕੇ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੇ ਅਧਿਆਤਮਿਕ ਵਿਰਾਸਤ ਸਾਡੇ ਸਭਨਾਂ ਲਈ ਸ਼ਰਧਾ ਤੇ ਸਤਿਕਾਰ ਹੋਣ ਸਮੇਤ ਕੁਲ ਦੁਨੀਆਂ ਲਈ ਮਨੁੱਖੀ ਹੱਕਾਂ ਦੀ ਰਾਖੀ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਹੈ।ਇਸ ਤੋਂ ਇਲਾਵਾ ਅੰਮ੍ਰਿਤਸਰ ਦੀ ਇਤਿਹਾਸਕ ਤੇ ਵਿਰਾਸਤੀ ਧਰੋਹਰ ਦੀ ਕੁਲ ਜਹਾਨ ਲਈ ਵਿਸ਼ੇਸ਼ ਮਹੱਤਤਾ ਹੈ, ਜਿਸ ਨੂੰ ਦੁਨੀਆਂ ਭਰ ਤੱਕ ਪੁੱਜਦਾ ਕਰਨਾ ਹੈ।ਜਿਸ ਲਈ ਉਹ ਖਾਸ ਤੌਰ ਉਤੇ ਧੰਨਵਾਦੀ ਹਨ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਅਤੇ ਉਨ੍ਹਾਂ ਵੱਲੋਂ ਯੂਨੀਵਰਸਿਟੀ ਦੀ ਗਠਿਤ ਵਿਸ਼ੇਸ਼ ਕਮੇਟੀ ਦੇ ਮੈਂਬਰਾਂ ਪ੍ਰੋ. ਪਰਮਵੀਰ ਸਿੰਘ, ਡਾ. ਸੁਖਵਿੰਦਰ ਸਿੰਘ ਅਤੇ ਡਾ. ਸੰਦੀਪ ਕੌਰ ਦੇ, ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਕੀਮਤੀ ਸੁਝਾਅ ਦਿੱਤੇ ਹਨ।

ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਦਿੱਤੇ ਗਏ ਵੱਖ-ਵੱਖ ਸੁਝਾਵਾਂ ਦਾ ਸਵਾਗਤ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬੀ ਯੂਨੀਵਰਸਿਟੀ ਬੜੀ ਹੀ ਸੁਹਿਰਦਤਾ ਨਾਲ਼ ਇਸ ਦਿਸ਼ਾ ਵਿੱਚ ਕਾਰਜ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਏ ਇਹ ਸਾਰੇ ਸੁਝਾਓ ਪੰਜਾਬ ਸਰਕਾਰ ਤੱਕ ਪੁੱਜਦੇ ਕੀਤੇ ਜਾਣਗੇ ਅਤੇ ਇਨ੍ਹਾਂ ਉਪਰ ਕੰਮ ਕੀਤਾ ਜਾਵੇਗਾ।

ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬ ਸਰਕਾਰ ਦੀਆਂ ਅਜਿਹੀਆਂ ਯੋਜਨਾਵਾਂ ਨੂੰ ਨੇਪਰੇ ਚਾੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਇਸ ਮਕਸਦ ਲਈ ਕਮੇਟੀ ਦਾ ਗਠਨ ਕਰ ਕੇ ਸਾਰੇ ਵਿਭਾਗਾਂ ਤੋਂ ਪ੍ਰੋਗਰਾਮਾਂ ਬਾਰੇ ਤਜਵੀਜ਼ਾਂ ਮੰਗ ਲਈਆਂ ਹਨ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕਾਂਸਟੀਚੂਐਂਟ ਕਾਲਜਾਂ ਨੂੰ ਵੀ ਹਦਾਇਤ ਕਰ ਦਿੱਤੀ ਗਈ ਹੈ ਕਿ ਉਹ ਸ਼ਤਾਬਦੀ ਸਬੰਧੀ ਪ੍ਰੋਗਰਾਮ ਉਲੀਕਣ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਤੈਅ ਹੋਈਆਂ ਯੋਜਨਾਵਾਂ ਅਤੇ ਵਿਚਾਰ-ਵਟਾਂਦਰੇ ਅਨੁਸਾਰ ਯੂਨੀਵਰਸਿਟੀ ਪੰਜਾਬ ਸਰਕਾਰ ਦੇ ਵੱਖ-ਵੱਖ ਸਬੰਧਤ ਵਿਭਾਗਾਂ ਨਾਲ਼ ਤਾਲਮੇਲ ਬਣਾ ਕੇ ਰੱਖੇਗੀ ਅਤੇ ਆਪਣੇ ਵੱਲੋਂ ਹਰ ਸੰਭਵ ਯੋਗਦਾਨ ਪਾਵੇਗੀ।

Read More
{}{}