Home >>Punjab

Punjab News: ਖਰੀਦ ਕਾਰਜਾਂ ਵਿੱਚ ਕਿਸੇ ਵੀ ਢਿੱਲ-ਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਲਾਲ ਚੰਦ ਕਟਾਰੂਚੱਕ

Punjab News: ਕੁੱਲ 5037 ਮਿੱਲਾਂ ਵਿੱਚੋਂ 3297 ਨੇ ਰਜਿਸਟਰੇਸ਼ਨ ਲਈ ਅਰਜ਼ੀਆਂ ਦਿੱਤੀਆਂ ਹਨ ਅਤੇ 2670 ਮਿੱਲਾਂ  ਅਲਾਟ ਕਰ ਦਿੱਤੀਆਂ ਗਈਆਂ ਹਨ।

Advertisement
Punjab News: ਖਰੀਦ ਕਾਰਜਾਂ ਵਿੱਚ ਕਿਸੇ ਵੀ ਢਿੱਲ-ਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਲਾਲ ਚੰਦ ਕਟਾਰੂਚੱਕ
Manpreet Singh|Updated: Oct 24, 2024, 06:26 PM IST
Share

Punjab News: ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਅੱਜ ਇੱਥੇ ਅਨਾਜ ਭਵਨ ਵਿਖੇ ਹੋਈ ਸਮੀਖਿਆ ਮੀਟਿੰਗ ਦੌਰਾਨ ਝੋਨੇ ਦੇ ਖਰੀਦ ਕਾਰਜਾਂ ਦਾ ਜਾਇਜ਼ਾ ਲੈ ਰਹੇ ਸਨ, ਜਿਨ੍ਹਾਂ ਨੂੰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਜਾਣੂੰ ਕਰਵਾਇਆ ਕਿ ਝੋਨੇ ਦੀ ਖਰੀਦ ਜੰਗੀ ਪੱਧਰ ‘ਤੇ ਜਾਰੀ ਹੈ ਅਤੇ ਆਏ ਦਿਨ ਖਰੀਦ ਕਾਰਜਾਂ ਵਿੱਚ ਹੋਰ ਤੇਜ਼ੀ ਆ ਰਹੀ ਹੈ। 

ਮੰਤਰੀ ਦੇ ਧਿਆਨ ਵਿਚ ਇਹ ਵੀ ਲਿਆਂਦਾ ਗਿਆ ਕਿ ਖਰੀਦ ਸੀਜ਼ਨ ਦੀ ਨਿਰਵਿਘਨ ਰਫ਼ਤਾਰ ਇਸ ਤੱਥ ਤੋਂ ਲਗਾਈ ਜਾ ਸਕਦੀ ਹੈ ਕਿ ਇਸ ਸਾਲ ਵਾਢੀ ਦਾ ਸੀਜ਼ਨ ਇਕ ਹਫ਼ਤਾ ਪਛੜ ਗਿਆ ਸੀ ਪਰ ਇਸ ਦੇ ਬਾਵਜੂਦ ਹੁਣ ਤੱਕ ਤਕਰੀਬਨ 38.41 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਰੋਜ਼ਾਨਾ 4.88 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ 10.25 ਲੱਖ ਮੀਟਰਕ ਟਨ ਝੋਨੇ ਦੀ ਲਿਫ਼ਟਿੰਗ ਹੋ ਚੁੱਕੀ ਹੈ ਅਤੇ ਰੋਜ਼ਾਨਾ 2 ਲੱਖ ਮੀਟਰਕ ਟਨ ਝੋਨੇ ਦੀ ਚੁਕਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਖਾਤਿਆਂ ਵਿੱਚ 5600 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਜਦੋਂ ਝੋਨੇ ਦੀ ਆਮਦ 38 ਲੱਖ ਮੀਟਰਕ ਟਨ ਸੀ ਤਾਂ ਉਸ ਸਮੇਂ ਲਿਫਟਿੰਗ ਦਾ ਅੰਕੜਾ ਲਗਭਗ 10 ਲੱਖ ਮੀਟਰਕ ਟਨ ਸੀ ਅਤੇ ਰੋਜ਼ਾਨਾ ਚੁਕਾਈ ਲਗਭਗ 1.34 ਲੱਖ ਮੀਟਰਕ ਟਨ ਸੀ, ਜਿਸ ਲਈ ਕਿਸਾਨਾਂ ਨੂੰ ਸਿਰਫ਼ 5066 ਕਰੋੜ ਰੁਪਏ ਜਾਰੀ ਕੀਤੇ ਗਏ ਸਨ।

ਇਸ ਲਈ, ਇਸ ਸਾਲ ਸੀਜ਼ਨ ਦੇਰ ਨਾਲ ਸ਼ੁਰੂ ਹੋਣ ਦੇ ਬਾਵਜੂਦ ਸਰਕਾਰੀ ਖ਼ਰੀਦ, ਲਿਫਟਿੰਗ ਅਤੇ ਅਦਾਇਗੀਆਂ ਦੀ ਰਫ਼ਤਾਰ ਨਿਸ਼ਚਿਤ ਤੌਰ ’ਤੇ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ।

ਮੰਤਰੀ ਨੂੰ ਅੱਗੇ ਦੱਸਿਆ ਗਿਆ ਕਿ ਮਾਲਵਾ ਖੇਤਰ ਦੇ ਕੁਝ ਜ਼ਿਲ੍ਹਿਆਂ ਵਿੱਚ ਫ਼ਸਲ ਦੀ ਆਮਦ ਥੋੜ੍ਹੀ ਘੱਟ ਹੋਈ ਹੈ, ਪਰ ਮਿੱਲ ਮਾਲਕ ਸਰਕਾਰ ਨਾਲ ਸਹਿਮਤ ਹਨ ਅਤੇ ਜਿਵੇਂ ਹੀ ਆਮਦ ਵਿੱਚ ਤੇਜ਼ੀ ਆਵੇਗੀ, ਖ਼ਰੀਦ ਦੀ ਰਫ਼ਤਾਰ ਹੋਰ ਤੇਜ਼ ਹੋ ਜਾਵੇਗੀ।

ਇਸੇ ਤਰ੍ਹਾਂ ਮੰਤਰੀ ਨੂੰ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਗਿਆ ਕਿ ਕੁੱਲ 5037 ਮਿੱਲਾਂ ਵਿੱਚੋਂ 3297 ਨੇ ਰਜਿਸਟਰੇਸ਼ਨ ਲਈ ਅਰਜ਼ੀਆਂ ਦਿੱਤੀਆਂ ਹਨ ਅਤੇ 2670 ਮਿੱਲਾਂ  ਅਲਾਟ ਕਰ ਦਿੱਤੀਆਂ ਗਈਆਂ ਹਨ।

ਕਿਸਾਨਾਂ, ਮਿੱਲ ਮਾਲਕਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਖਰੀਦ ਸੀਜ਼ਨ ਦੀ ਰੀੜ੍ਹ ਦੱਸਦਿਆਂ ਸ੍ਰੀ ਕਟਾਰੂਚੱਕ ਨੇ ਖ਼ਰੀਦ ਸੀਜ਼ਨ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਕੰਮ ਕਰਨ ਲਈ ਕਿਹਾ।

ਇਸ ਮੌਕੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਵਿਕਾਸ ਗਰਗ, ਡਾਇਰੈਕਟਰ ਪੁਨੀਤ ਗੋਇਲ, ਜੁਆਇੰਟ ਡਾਇਰੈਕਟਰ ਅਜੇਵੀਰ ਸਿੰਘ ਸਰਾਓ ਅਤੇ ਜਨਰਲ ਮੈਨੇਜਰ (ਵਿੱਤ) ਸਰਵੇਸ਼ ਕੁਮਾਰ ਵੀ ਹਾਜ਼ਰ ਸਨ।

Read More
{}{}