Home >>Punjab

ਆਗਾਮੀ ਝੋਨੇ ਦੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ 15 ਸਤੰਬਰ ਤੱਕ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ- ਲਾਲ ਚੰਦ ਕਟਾਰੂਚੱਕ

 ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਨੂੰ ਇਸ ਸਾਲ 1 ਅਕਤੂਬਰ ਤੋਂ 15 ਨਵੰਬਰ ਤੱਕ ਝੋਨੇ ਦੀ ਖਰੀਦ ਸੀਜ਼ਨ ਨੂੰ ਸੁਚਾਰੂ ਅਤੇ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੰਦਿਆਂ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ 15 ਸਤੰਬਰ ਤੱਕ ਸਾਰੇ ਜ਼ਰੂਰੀ ਪ੍ਰਬੰਧ ਅਤੇ ਵਿਵਸਥਾਵਾਂ ਮੁਕੰਮਲ ਕਰਨ ਲਈ ਕਿਹਾ।

Advertisement
ਆਗਾਮੀ ਝੋਨੇ ਦੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ 15 ਸਤੰਬਰ ਤੱਕ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ- ਲਾਲ ਚੰਦ ਕਟਾਰੂਚੱਕ
Manpreet Singh|Updated: Jul 03, 2025, 06:45 PM IST
Share

Paddy Procurement Season: ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਨੂੰ ਇਸ ਸਾਲ 1 ਅਕਤੂਬਰ ਤੋਂ 15 ਨਵੰਬਰ ਤੱਕ ਝੋਨੇ ਦੀ ਖਰੀਦ ਸੀਜ਼ਨ ਨੂੰ ਸੁਚਾਰੂ ਅਤੇ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੰਦਿਆਂ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ 15 ਸਤੰਬਰ ਤੱਕ ਸਾਰੇ ਜ਼ਰੂਰੀ ਪ੍ਰਬੰਧ ਅਤੇ ਵਿਵਸਥਾਵਾਂ ਮੁਕੰਮਲ ਕਰਨ ਲਈ ਕਿਹਾ।

ਅਨਾਜ ਭਵਨ ਵਿਖੇ ਇੱਕ ਸਮੀਖਿਆ ਮੀਟਿੰਗ ਦੌਰਾਨ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਮੰਤਰੀ ਨੇ ਅੱਗੇ ਨਿਰਦੇਸ਼ ਦਿੱਤੇ ਕਿ 15 ਸਤੰਬਰ ਤੋਂ 15 ਨਵੰਬਰ ਤੱਕ ਵਿਭਾਗ ਦਾ ਕੋਈ ਵੀ ਅਧਿਕਾਰੀ ਐਕਸ-ਇੰਡੀਆ ਛੁੱਟੀ 'ਤੇ ਨਾ ਜਾਵੇ।

ਮੰਤਰੀ ਨੂੰ ਦੱਸਿਆ ਗਿਆ ਕਿ 190 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਲਈ ਜੰਗੀ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਭੰਡਾਰਨ ਲਈ ਹੋਰ ਥਾਂ ਤਿਆਰ ਕਰਨ ਵਾਸਤੇ, ਝੋਨੇ ਦੀ ਢੋਆ-ਢੁਆਈ ਸਬੰਧੀ ਅਕਤੂਬਰ 2024 ਤੋਂ ਜੂਨ 2025 ਤੱਕ 68 ਲੱਖ ਮੀਟਰਿਕ ਟਨ ਚਾਵਲ ਰਾਜ ਤੋਂ ਬਾਹਰ ਭੇਜਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਅਗਸਤ 2025 ਤੋਂ ਜੂਨ 2026 ਤੱਕ ਲਗਭਗ 82.5 ਲੱਖ ਮੀਟਰਿਕ ਟਨ ਚਾਵਲ 7.5 ਲੱਖ ਮੀਟਰਿਕ ਟਨ ਪ੍ਰਤੀ ਮਹੀਨੇ ਦੀ ਦਰ ਨਾਲ ਬਾਹਰ ਭੇਜਿਆ ਜਾਵੇਗਾ।

ਮੰਤਰੀ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ ਸਾਲ 2025-26 ਲਈ ਕਸਟਮ ਮਿਲਿੰਗ ਪਾਲਿਸੀ ਦਾ ਖਰੜਾ ਇਸ ਮਹੀਨੇ ਦੇ ਅੰਦਰ ਤਿਆਰ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਲੇਬਰ ਅਤੇ ਕਾਰਟੇਜ ਪਾਲਿਸੀ 2024 ਦੇ ਨਾਲ-ਨਾਲ ਫੂਡਗ੍ਰੇਨ ਟਰਾਂਸਪੋਰਟੇਸ਼ਨ ਪਾਲਿਸੀ 2024 ਨੂੰ 30 ਸਤੰਬਰ, 2025 ਤੱਕ ਵਧਾ ਦਿੱਤਾ ਗਿਆ ਹੈ ਤਾਂ ਜੋ ਝੋਨੇ ਦੀ ਖਰੀਦ ਸੀਜ਼ਨ ਨੂੰ ਸਫਲ ਬਣਾਇਆ ਜਾ ਸਕੇ।

ਗੁਣਵੱਤਾ ਦੇ ਪਹਿਲੂਆਂ ਬਾਰੇ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਨੈਸ਼ਨਲ ਐਕ੍ਰੀਡੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟਰੀਆਂ (ਐਨਏਬੀਐਲ) ਦੁਆਰਾ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਐਫਸੀਆਈ ਦੇ ਨਿਯਮਾਂ ਅਨੁਸਾਰ ਅਨਾਜ ਦੀ ਰਸਾਇਣਕ ਜਾਂਚ ਕਰ ਰਹੀਆਂ ਹਨ।

ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਤਰਪਾਲਾਂ, ਲੱਕੜ ਦੇ ਕਰੇਟ, ਬਰਦਾਨੇ ਅਤੇ ਜਾਲੀਦਾਰ ਜਾਲਾਂ ਦਾ ਪ੍ਰਬੰਧ ਲੋੜੀਂਦੀ ਮਾਤਰਾ ਵਿੱਚ ਕੀਤਾ ਜਾਵੇ।

ਈ-ਕੇਵਾਈਸੀ ਪ੍ਰਕਿਰਿਆ ਬਾਰੇ ਮੰਤਰੀ ਨੂੰ ਦੱਸਿਆ ਗਿਆ ਕਿ 1.57 ਕਰੋੜ ਲਾਭਪਾਤਰੀਆਂ ਵਿੱਚੋਂ 1.25 ਕਰੋੜ ਲਈ ਇਹ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨਐਫਐਸਏ), 2013 ਤਹਿਤ ਰਾਸ਼ਨ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਇਸ ਪ੍ਰਕਿਰਿਆ ਦੀ ਪਾਲਣਾ ਕਰਨੀ ਹੋਵੇਗੀ।

ਆਗਾਮੀ ਖਰੀਦ ਸੀਜ਼ਨ ਨੂੰ ਸਫ਼ਲ ਬਣਾਉਣ ਲਈ ਸਾਰੇ ਭਾਈਵਾਲਾਂ ਦੇ ਸਮੁੱਚੇ ਸਹਿਯੋਗ ਦੀ ਅਪੀਲ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਰਾਹੁਲ ਤਿਵਾੜੀ, ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਵਧੀਕ ਸਕੱਤਰ ਪਨਗਰੇਨ ਕਮਲ ਕੁਮਾਰ ਗਰਗ, ਐਮਡੀ ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਵਿਨੀਤ ਕੁਮਾਰ, ਵਧੀਕ ਡਾਇਰੈਕਟਰ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਡਾ. ਅੰਜੁਮਨ ਭਾਸਕਰ ਅਤੇ ਜੀਐਮ (ਵਿੱਤ) ਸਰਵੇਸ਼ ਕੁਮਾਰ ਹਾਜ਼ਿਰ ਸਨ।

Read More
{}{}