Khanna News(ਧਰਮਿੰਦਰ ਸਿੰਘ): ਖੰਨਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਜ਼ਦੀਕੀ ਸਾਥੀ ਗੈਂਗਸਟਰ ਰਵੀ ਰਾਜਗੜ੍ਹ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਵੀ ਰਾਜਗੜ੍ਹ ਦੋਰਾਹਾ ਥਾਣੇ ਖੇਤਰ ਦੇ ਚਣਕੋਈਆਂ ਖੁਰਦ ਵਿੱਚ ਜ਼ਮੀਨੀ ਝਗੜੇ ਤੋਂ ਉਪਜੇ ਗੋਲੀਕਾਂਡ ਮਾਮਲੇ ਵਿੱਚ ਮੁਲਜ਼ਮ ਸੀ। ਪੁਲਿਸ ਸੂਤਰਾਂ ਅਨੁਸਾਰ ਉਸਦੇ ਪਿਤਾ ਜਗਤਾਰ ਸਿੰਘ, ਜੋ ਪਿੰਡ ਦੇ ਸਰਪੰਚ ਵੀ ਹਨ, ਵਿਦੇਸ਼ ਜਾ ਰਹੇ ਸੀ। ਜਦੋਂ ਰਵੀ ਆਪਣੇ ਪਿਤਾ ਨੂੰ ਮਿਲਣ ਆਇਆ ਤਾਂ ਖੰਨਾ ਪੁਲਿਸ ਨੇ ਇੱਕ ਗੁਪਤ ਜਾਣਕਾਰੀ ਦੇ ਅਧਾਰ ''ਤੇ ਇਲਾਕੇ ਵਿੱਚ ਉਸਦੀ ਘੇਰਾਬੰਦੀ ਕਰ ਕੇ ਕਾਬੂ ਕਰ ਲਿਆ।
ਸੂਤਰਾਂ ਦੇ ਅਨੁਸਾਰ, ਗ੍ਰਿਫ਼ਤਾਰੀ ਦੌਰਾਨ ਰਵੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਉਸ ਕੋਲੋਂ 30 ਬੋਰ ਦਾ ਇੱਕ ਲੋਡਿਡ ਪਿਸਤੌਲ ਵੀ ਬਰਾਮਦ ਹੋਇਆ ਹੈ। ਗੈਂਗਸਟਰ ਨੂੰ ਪਾਇਲ ਵਿਖੇ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 4 ਦਿਨ ਦਾ ਰਿਮਾਂਡ ਮਨਜ਼ੂਰ ਕੀਤਾ।
ਰਵੀ ਰਾਜਗੜ੍ਹ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਹਥਿਆਰਾਂ ਦੀ ਸਪਲਾਈ ਅਤੇ ਜਾਅਲੀ ਪਾਸਪੋਰਟ ਤਿਆਰ ਕਰਨ ਸਮੇਤ 15 ਤੋਂ ਵੱਧ ਕੇਸ ਦਰਜ ਹਨ। ਉਹ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੀ ਨਾਮਜ਼ਦ ਹੈ ਅਤੇ ਇਸ ''ਤੇ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮਾਂ ਨੂੰ ਹਥਿਆਰ ਸਪਲਾਈ ਕਰਨ ਦੇ ਗੰਭੀਰ ਦੋਸ਼ ਹਨ। ਐਨਆਈਏ ਵੱਲੋਂ ਵੀ ਉਸਦੇ ਘਰ ਵਿੱਚ ਦੋ ਵਾਰੀ ਛਾਪੇਮਾਰੀ ਕੀਤੀ ਗਈ ਸੀ ਪਰ ਉਸ ਸਮੇਂ ਉਹ ਗ੍ਰਿਫ਼ਤਾਰ ਨਹੀਂ ਹੋ ਸਕਿਆ ਸੀ।
ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਜਦੋਂ ਲਾਰੈਂਸ ਬਿਸ਼ਨੋਈ ਤਿਹਾੜ ਜੇਲ੍ਹ ਵਿੱਚ ਬੈਠ ਕੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਰਚ ਰਿਹਾ ਸੀ, ਤਦ ਰਵੀ ਨੇ ਉਸਦੇ ਭਰਾ ਅਨਮੋਲ ਬਿਸ਼ਨੋਈ ਲਈ ਜਾਅਲੀ ਪਾਸਪੋਰਟ ਤਿਆਰ ਕਰਵਾ ਕੇ ਵਿਦੇਸ਼ ਭੇਜਣ ਵਿੱਚ ਭੂਮਿਕਾ ਨਿਭਾਈ ਸੀ।