Amritpal Mehron: ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਘਿਰੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਗ੍ਰਿਫਤਾਰੀ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਪੁਲਿਸ ਨੇ ਐਲਓਸੀ ਨੋਟਿਸ ਜਾਰੀ ਕੀਤਾ ਹੈ। ਭਾਬੀ ਕਮਲ ਕੌਰ ਉਰਫ ਕੰਚਨ ਕੁਮਾਰੀ ਦੇ ਕਤਲ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਮੁੱਖ ਸਾਜਿਸ਼ਕਰਤਾ ਹੈ।
ਬੀਤੇ ਦਿਨੀਂ ਬਠਿੰਡਾ ਦੇ ਆਦੇਸ਼ ਹਸਪਤਾਲ ਦੇ ਨਜ਼ਦੀਕ ਇੰਸਟਾਗ੍ਰਾਮ ਉਤੇ ਮਸ਼ਹੂਰ ਹੋਣ ਵਾਲੀ ਕੰਚਨ ਕੁਮਾਰੀ ਉਰਫ ਕਮਲ ਕੌਰ ਦੀ ਕਾਰ ਵਿੱਚ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਦੋ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਅਤੇ ਉਨ੍ਹਾਂ ਨੂੰ ਪੁਲਿਸ ਨੇ ਫੜ ਵੀ ਲਿਆ ਹੈ। ਤੀਜਾ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਬਣਾਇਆ ਗਿਆ ਜੋ ਮੁੱਖ ਸਾਜ਼ਿਸ਼ਕਰਤਾ ਹੈ। ਇਸ ਤੋਂ ਬਾਅਦ ਲਗਾਤਾਰ ਮਹਿਰੋਂ ਦੀਆਂ ਸੋਸ਼ਲ ਮੀਡੀਆ ਉਤੇ ਧਮਕੀਆਂ ਦੇਣ ਦੀਆਂ ਵੀਡੀਓ ਵੀ ਆ ਰਹੀਆਂ ਹਨ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਹੈ। ਹੁਣ ਪੁਲਿਸ ਨੇ ਦੇਸ਼ ਵਿਚੋਂ ਬਾਹਰ ਨਾ ਚਲਾ ਜਾਵੇ ਉਹ ਲੈ ਕੇ ਇੱਕ ਐਲਓਸੀ ਨੋਟ ਜਾਰੀ ਕੀਤਾ ਹੈ।
ਇੱਕ ਕੱਟੜਪੰਥੀ ਸਿੱਖ ਆਗੂ ਅੰਮ੍ਰਿਤਪਾਲ ਸਿੰਘ ਮਹਿਰੋਂ (ਲਗਭਗ 30 ਸਾਲ) ਦਾ ਅਤੀਤ ਵੀ ਵਿਵਾਦਪੂਰਨ ਰਿਹਾ ਹੈ ਹੈ। ਉਸ ਵਿਰੁੱਧ ਹਿੰਸਾ ਨਾਲ ਸਬੰਧਤ ਕਈ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਇੱਕ ਕਤਲ ਦੀ ਕੋਸ਼ਿਸ਼ ਦਾ ਮਾਮਲਾ ਵੀ ਸ਼ਾਮਲ ਹੈ। ਪੁਲਿਸ ਦੇ ਅਨੁਸਾਰ, ਉਹ ਸੋਸ਼ਲ ਮੀਡੀਆ ਇਨਫੂਲੈਂਸਰ ਕੰਚਨ ਕੁਮਾਰੀ (ਜੋ 'ਕਮਲ ਕੌਰ ਭਾਬੀ' ਵਜੋਂ ਮਸ਼ਹੂਰ ਸੀ) ਦੇ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਹੈ।
ਮਹਿਰੋਂ 'ਕੌਮ ਦੇ ਰਾਖੇ' ਨਾਮਕ ਇੱਕ ਸਵੈ-ਸ਼ੈਲੀ ਵਾਲੇ ਕੱਟੜਪੰਥੀ ਸੰਗਠਨ ਦੀ ਅਗਵਾਈ ਕਰਦਾ ਹੈ। 2020 ਵਿੱਚ, ਉਸ 'ਤੇ ਅਤੇ ਕੁਝ ਹੋਰਾਂ 'ਤੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਨੇੜੇ ਵਿਰਾਸਤੀ ਮਾਰਗ 'ਤੇ ਲੋਕ-ਨਾਚ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਸਨੇ ਬਰਨਾਲਾ ਵਿੱਚ ਇੱਕ ਸੰਗੀਤ ਨਿਰਮਾਤਾ ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਸਨ।
ਉਹ ਪੇਸ਼ੇ ਤੋਂ ਇੱਕ ਡੀਜ਼ਲ ਮਕੈਨਿਕ ਹੈ ਅਤੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਮਹਿਰੋਂ ਪਿੰਡ ਦਾ ਰਹਿਣ ਵਾਲਾ ਹੈ। 2022 ਵਿੱਚ, ਉਸਨੇ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਵਜੋਂ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ ਹਾਰ ਗਿਆ ਸੀ। ਉਸੇ ਸਾਲ, ਉਸ ਵਿਰੁੱਧ ਸੋਸ਼ਲ ਮੀਡੀਆ 'ਤੇ ਹਥਿਆਰ ਲਹਿਰਾਉਣ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਧਮਕੀ ਭਰੇ ਬਿਆਨ ਦੇਣ ਦੇ ਦੋਸ਼ ਵਿੱਚ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਸੀ।
ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਪਿਛਲੇ 7 ਸਾਲਾਂ ਤੋਂ ਸੋਸ਼ਲ ਮੀਡੀਆ 'ਤੇ ਐਕਟਿਵ ਸੀ ਪਰ ਲਗਭਗ 3 ਸਾਲਾਂ ਤੋਂ ਕੰਚਨ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਵਜੋਂ ਜਾਣੀ ਜਾਂਦੀ ਸੀ। ਉਹ ਪਿਛਲੇ 3 ਸਾਲਾਂ ਤੋਂ ਸੋਸ਼ਲ ਮੀਡੀਆ 'ਤੇ ਵਿਵਾਦਪੂਰਨ ਅਤੇ ਅਸ਼ਲੀਲ ਰੀਲਾਂ ਬਣਾ ਕੇ ਪੋਸਟ ਕਰ ਰਹੀ ਸੀ। ਅੱਤਵਾਦੀ ਅਰਸ਼ ਡੱਲਾ ਨੇ 7 ਮਹੀਨੇ ਪਹਿਲਾਂ ਅਸ਼ਲੀਲ ਸਮੱਗਰੀ ਨੂੰ ਲੈ ਕੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।
ਕੰਚਨ ਪਹਿਲਾਂ ਇੱਕ ਨਿੱਜੀ ਬੈਂਕ ਵਿੱਚ ਕੰਮ ਕਰਦੀ ਸੀ। ਉਸਨੇ ਕੋਰੋਨਾ ਦੇ ਸਮੇਂ ਦੌਰਾਨ ਨੌਕਰੀ ਛੱਡ ਦਿੱਤੀ ਸੀ। ਹਾਲਾਂਕਿ, ਨੌਕਰੀ ਛੱਡਣ ਦਾ ਕਾਰਨ ਸਾਹਮਣੇ ਨਹੀਂ ਆਇਆ ਸੀ। ਉਸਨੂੰ ਲਗਜ਼ਰੀ ਜ਼ਿੰਦਗੀ ਦੀ ਸ਼ੌਕੀਨ ਸੀ। ਉਹ ਮਹਿੰਗੇ ਸੂਟ ਪਹਿਨਦੀ ਸੀ। ਉਹ ਮਹਿੰਗੇ ਹੋਟਲਾਂ ਅਤੇ ਸੈਲੂਨਾਂ ਵਿੱਚ ਜਾਂਦੀ ਸੀ।
ਦੀਪਿਕਾ ਲੂਥਰਾ ਨੂੰ ਚਿਤਾਵਨੀ
ਦੀਪਿਕਾ ਲੂਥਰਾ ਉਰਫ ਦੀਪ ਲੂਥਰਾ ਨੂੰ ਦੋਹਰੇ ਅਰਥਾਂ ਵਾਲੀਆਂ ਵੀਡੀਓ ਬਣਾਉਣ ’ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਉਸ ਨੇ ਪੁਲਿਸ ਕਮਿਸ਼ਨਰ ਕੋਲ ਪਹੁੰਚ ਕਰਕੇ ਆਪਣੀ ਤੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ। ਦੀਪ ਲੂਥਰਾ ਮੁਤਾਬਕ ਉਸ ਨੂੰ ਇਹ ਧਮਕੀ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਦਿੱਤੀ ਗਈ ਹੈ, ਜੋ ਸੋਸ਼ਲ ਮੀਡੀਆ ਪ੍ਰਭਾਵਕ ਕੰਚਨ ਕੁਮਾਰੀ ਉਰਫ ਕਮਲ ਭਾਬੀ ਦੇ ਕਤਲ ਮਾਮਲੇ ਵਿੱਚ ਪੁਲਿਸ ਵਾਸਤੇ ਸ਼ੱਕੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਦੀਪਿਕਾ ਲੂਥਰਾ ਨੇ ਕਿਹਾ ਕਿ ਉਹ ਪਹਿਲਾਂ ਹੀ ਤਿੰਨ ਚਾਰ ਵਾਰ ਕੈਮਰੇ ਦੇ ਸਾਹਮਣੇ ਆਪਣੀ ਗਲਤੀ ਦੀ ਮੁਆਫ਼ੀ ਮੰਗ ਚੁੱਕੀ ਹੈ।