Muktsar Sahib Factory Blast Case: ਮੁਕਤਸਰ ਸਾਹਿਬ ਜ਼ਿਲ੍ਹਾ ਪੁਲਿਸ ਨੇ ਪਿੰਡ ਫਤੂਹੀਵਾਲਾ ਵਿਖੇ ਇੱਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ਵਿੱਚ ਹੋਏ ਭਿਆਨਕ ਧਮਾਕੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਆਮ ਆਦਮੀ ਪਾਰਟੀ ਦਾ ਕਾਰਕੁਨ ਤਰਸੇਮ ਸਿੰਘ, ਉਸਦਾ ਪੁੱਤਰ ਨਵਰਾਜ ਸਿੰਘ ਅਤੇ ਮਜ਼ਦੂਰ ਠੇਕੇਦਾਰ ਰਾਜ ਕੁਮਾਰ ਸ਼ਾਮਲ ਹਨ। ਤਰਸੇਮ ਦੀ ਪਤਨੀ ਸੁਖਚੈਨ ਕੌਰ, ਜਿੰਨ੍ਹਾਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ, ਫਿਲਹਾਲ ਫਰਾਰ ਹੈ।
ਜ਼ਿਕਰਯੋਗ ਹੈ ਕਿ ਫੈਕਟਰੀ ਵਿਚ ਹੋਏ ਇਸ ਧਮਾਕੇ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕੁਝ ਔਰਤਾਂ ਅਤੇ ਨਾਬਾਲਗਾਂ ਸਮੇਤ ਲਗਭਗ 30 ਜ਼ਖਮੀ ਹੋਏ ਸਨ। ਮੁਕਤਸਰ ਦੇ ਐੱਸਐੱਸਪੀ ਅਖਿਲ ਚੌਧਰੀ ਨੇ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਧਮਾਕੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਅਤੇ ਸ਼ਾਮਲ ਕਿਸੇ ਹੋਰ ਵਿਅਕਤੀ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।
ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਫਿਲਹਾਲ ਜ਼ਖਮੀਆਂ ਦਾ ਬਠਿੰਡਾ AIIMS ਤੇ ਲੰਬੀ ਦੇ ਸਰਕਾਰੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਦੇ ਇਲਾਜ ਦਾ ਖ਼ਰਚਾ ਵੀ ਪੰਜਾਬ ਸਰਕਾਰ ਚੁੱਕੇਗੀ।