Mansa News: ਮਾਨਸਾ ਦੇ ਨੌਜਵਾਨ ਜਤਿਨ ਗਰਗ (26) ਪੁੱਤਰ ਧਰਮਪਾਲ ਮੱਤੀ ਵਾਲੇ ਦੀ ਕੈਨੇਡਾ ਵਿਖੇ ਵਾਲੀਵਾਲ ਖੇਡਦੇ ਸਮੇਂ ਦਰਿਆ ਦੇ ਵਿੱਚ ਡੁੱਬਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜਤਿਨ 22 ਅਗਸਤ 2024 ਨੂੰ ਕਨੇਡਾ ਵਿਖੇ ਪੜ੍ਹਾਈ ਕਰਨ ਦੇ ਲਈ ਗਿਆ ਸੀ। ਜਤਿਨ ਗਰਗ ਕਨੇਡਾ ਦੀ ਥਮਸੋਨ ਰਿਵਰ ਯੂਨੀਵਰਸਿਟੀ ਵਿੱਚ ਸਪਲਾਈ ਚੇਨ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ।
ਪਿਛਲੇ ਦਿਨੀ ਆਪਣੇ ਦੋਸਤਾਂ ਦੇ ਨਾਲ ਦਰਿਆ ਦੇ ਕੰਢੇ ਵਾਲੀਬਾਲ ਖੇਡਦੇ ਸਮੇਂ ਵਾਨ ਦਰਿਆ ਦੇ ਵਿੱਚ ਜਾ ਡਿੱਗੀ ਅਤੇ ਬਾਲ ਚੁੱਕਦਿਆਂ ਜਤਿਨ ਗਰਗ ਘਟਨਾ ਦਾ ਸ਼ਿਕਾਰ ਹੋ ਗਿਆ। ਕਈ ਦਿਨ ਤੱਕ ਉਸਦਾ ਕੋਈ ਅਤਾ ਪਤਾ ਨਹੀਂ ਲੱਗਿਆ ਤੇ ਆਖਿਰ ਉਥੋਂ ਦੀ ਪੁਲਿਸ ਵਲੋਂ ਕੀਤੀ ਜਾਂਦੀ ਜਤਿਨ ਦੀ ਭਾਲ ਦੌਰਾਨ ਲਾਸ਼ ਕਰੀਬ ਇਕ ਹਫਤੇ ਬਾਅਦ 4 ਕਿਲੋਮੀਟਰ ਦੂਰ ਦਰਿਆ ਚੋਂ ਮਿਲੀ ਹੈ। ਇਸ ਘਟਨਾ ਨੂੰ ਲੈ ਕੇ ਸ਼ਹਿਰ ਮਾਨਸਾ ‘ਚ ਮਾਹੌਲ ਗਮਗੀਨ ਹੈ ਤੇ ਮੱਤੀ ਪਰਿਵਾਰ ‘ਚ ਮਾਤਮ ਛਾਇਆ ਹੋਇਆ ਹੈ। ਜਤਿਨ ਗਰਗ ਕੈਨੇਡਾ ਜਾਣ ਤੋਂ ਪਹਿਲਾਂ ਗੁੜਗਾਉ ਵਿਖੇ ਇੰਜੀਨੀਅਰ ਵਜੋਂ ਨੌਕਰੀ ਕਰਦਾ ਸੀ। ਪਰ ਬਾਅਦ ਚ ਉਹ ਪੜਾਈ ਕਰਨ ਕੈਨੇਡਾ ਚਲਾ ਗਿਆ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਇੱਕ ਬਿਜ਼ਨਸਮੈਨ ਹਨ ਅਤੇ ਜਤਿਨ ਗਰਗ ਦੀ ਫੈਮਿਲੀ ਪਿਛਲੇ ਸਮੇਂ ਤੋਂ ਚੰਡੀਗੜ੍ਹ ਵਿਖੇ ਰਹਿ ਰਹੀ ਹੈ।
ਮ੍ਰਿਤਕ ਦੇ ਚਾਚਾ ਭੂਸ਼ਨ ਗਰਗ ਮੱਤੀ ਵਾਲੇ ਨੇ ਦੱਸਿਆ ਕਿ ਜਤਿਨ ਗਰਗ ਥਮਸੋਨ ਰਿਵਰ ਯੂਨੀਵਰਸਿਟੀ ਵਿਖੇ ਚੇਨ ਮੈਨੇਜਮੈਂਟ ਮਾਸਟਰ ਡਿਗਰੀ ਦੀ ਪੜ੍ਹਈ ਕਰ ਰਿਹਾ ਸੀ। ਉਹ ਆਪਣੀ ਯੂਨੀਵਰਸਿਟੀ 'ਚ ਆਪਣੇ ਗਰੁੱਪ ਦੇ ਵਿਦਿਆਰਥੀਆਂ ਦਾ ਪ੍ਰਧਾਨ ਵੀ ਸੀ। ਉਨ੍ਹਾਂ ਦੱਸਿਆ ਕਿ ਜਤਿਨ ਦੀ ਲਾਸ਼ ਦਰਿਆ 'ਚੋਂ ਮਿਲ ਗਈ ਹੈ, ਜਿਸ ਨੂੰ ਇੱਥੇ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਜਤਿਨ ਗਰਗ ਮਾਨਸਾ ਦੇ ਧਰਮਪਾਲ ਮੱਤੀ ਦਾ ਪੁੱਤਰ ਸੀ, ਜੋ 2004 ਤੋਂ ਚੰਡੀਗੜ੍ਹ ਵਿਖੇ ਰਹਿ ਰਹੇ ਹਨ। ਜਤਿਨ ਗਰਗ ਦਾ ਅੰਤਿਮ ਸਸਕਾਰ ਮਾਨਸਾ ਵਿਖੇ ਕੀਤਾ ਜਾਵੇਗਾ।