Fauja Singh Passed Away: ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਸੜਕ ਹਾਦਸੇ ਤੋਂ ਬਾਅਦ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 114 ਸਾਲ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਫ਼ੌਜਾ ਸਿੰਘ ਸੋਮਵਾਰ ਦੁਪਹਿਰ ਲਗਪਗ 3:30 ਵਜੇ ਆਪਣੇ ਪਿੰਡ ਬਿਆਸ ਪਿੰਡ ਨੇੜੇ ਪਠਾਨਕੋਟ-ਜਲੰਧਰ ਰਾਸ਼ਟਰੀ ਰਾਜਮਾਰਗ 'ਤੇ ਸੈਰ ਕਰਨ ਲਈ ਗਏ ਸਨ। ਸੜਕ ਪਾਰ ਕਰਕੇ ਦੂਜੇ ਪਾਸੇ ਜਾਣ ਲੱਗੇ, ਜਿਸ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਵਾਲਾ ਡਰਾਈਵਰ ਮੌਕੇ ਤੋਂ ਗੱਡੀ ਸਮੇਤ ਫ਼ਰਾਰ ਹੋ ਗਿਆ। ਬਿਆਸ ਪਿੰਡ ਦੇ ਕੁਝ ਨੌਜਵਾਨਾਂ ਨੇ ਫ਼ੌਜਾ ਸਿੰਘ ਨੂੰ ਸੜਕ ਕਿਨਾਰੇ ਜ਼ਖ਼ਮੀ ਹਾਲਤ ਵਿੱਚ ਪਾਇਆ ਅਤੇ ਉਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਹਸਪਤਾਲ ਲੈ ਗਏ। ਉੱਥੇ ਇਲਾਜ ਦੌਰਾਨ ਸ਼ਾਮ ਲਗਪਗ 6:30 ਵਜੇ ਉਨ੍ਹਾਂ ਦੀ ਮੌਤ ਹੋ ਗਈ।
ਬਜ਼ੁਰਗ ਮੈਰਾਥਨ ਦੌੜਾਕ ਦੀ ਮੌਤ ਨਾਲ ਚਹੁੰ ਪਾਸੇ ਸੋਗ ਦੀ ਲਹਿਰ ਹੈ। ਹਰ ਵਰਗ ਤੋਂ ਹਸਤੀਆਂ ਫੌਜਾ ਸਿੰਘ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕਰ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਹੈਂਡਲ ਉਤੇ ਲਿਖਿਆ ਕਿ ਉੱਘੇ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ ਹੋਇਆ। ਆਪਣੀਆਂ ਲੰਬੀਆਂ ਦੌੜਾਂ ਦੀ ਬਦੌਲਤ ਪੂਰੀ ਦੁਨੀਆ ਵਿੱਚ ਸਿੱਖ ਕੌਮ ਦਾ ਨਾਮ ਰੌਸ਼ਨ ਕਰਨ ਵਾਲੇ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਦੌੜਾਕ ਫੌਜਾ ਸਿੰਘ ਜੀ ਹਮੇਸ਼ਾ ਸਾਡੇ ਦਿਲਾਂ ਅਤੇ ਚੇਤਿਆਂ 'ਚ ਜਿਉਂਦੇ ਰਹਿਣਗੇ। ਪਰਿਵਾਰ ਤੇ ਚਾਹੁੰਣ ਵਾਲਿਆਂ ਨਾਲ ਦਿਲੋਂ ਹਮਦਰਦੀ। ਪਰਮਾਤਮਾ ਉਹਨਾਂ ਦੀ ਰੂਹ ਨੂੰ ਚਰਨਾਂ ‘ਚ ਥਾਂ ਬਖ਼ਸ਼ਣ। ਵਾਹਿਗੁਰੂ ਵਾਹਿਗੁਰੂ
ਉੱਘੇ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ ਹੋਇਆ।
ਆਪਣੀਆਂ ਲੰਬੀਆਂ ਦੌੜਾਂ ਦੀ ਬਦੌਲਤ ਪੂਰੀ ਦੁਨੀਆ ਵਿੱਚ ਸਿੱਖ ਕੌਮ ਦਾ ਨਾਮ ਰੌਸ਼ਨ ਕਰਨ ਵਾਲੇ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਦੌੜਾਕ ਫੌਜਾ ਸਿੰਘ ਜੀ ਹਮੇਸ਼ਾ ਸਾਡੇ ਦਿਲਾਂ ਅਤੇ ਚੇਤਿਆਂ 'ਚ ਜਿਉਂਦੇ ਰਹਿਣਗੇ। ਪਰਿਵਾਰ ਤੇ ਚਾਹੁੰਣ ਵਾਲਿਆਂ… pic.twitter.com/deg3GKxoc8
— Bhagwant Mann (@BhagwantMann) July 15, 2025
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇੱਕ ਮਹਾਨ ਮੈਰਾਥਨ ਦੌੜਾਕ ਅਤੇ ਦ੍ਰਿੜ ਇਰਾਦੇ ਦੇ ਪ੍ਰਤੀਕ ਫੌਜਾ ਸਿੰਘ ਜੀ ਦੇ ਦੇਹਾਂਤ 'ਤੇ ਬਹੁਤ ਦੁਖੀ ਹਾਂ। 114 ਸਾਲ ਦੀ ਉਮਰ ਵਿੱਚ ਵੀ, ਉਨ੍ਹਾਂ ਨੇ ਮੇਰੇ ਨਾਲ 'ਨਸ਼ਾ ਮੁਕਤ - ਰੰਗਲਾ ਪੰਜਾਬ' ਮਾਰਚ ਵਿੱਚ ਬੇਮਿਸਾਲ ਜੋਸ਼ ਅਤੇ ਊਰਜਾ ਨਾਲ ਹਿੱਸਾ ਲਿਆ। ਉਨ੍ਹਾਂ ਦੀ ਵਿਰਾਸਤ ਹਮੇਸ਼ਾ ਪ੍ਰੇਰਿਤ ਕਰੇਗੀ। ਓਮ ਸ਼ਾਂਤੀ ਓਮ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਕਸ ਹੈਂਡਲ ਉਤੇ ਲਿਖਿਆ ਪੰਜਾਬ ਅਤੇ ਪੂਰੀ ਦੁਨੀਆ ਨੇ ਇੱਕ ਮਹਾਨ ਹਸਤੀ ਗੁਆ ਦਿੱਤੀ ਹੈ। ਉਨ੍ਹਾਂ ਦੀ ਅਡੋਲ ਭਾਵਨਾ ਅਤੇ ਦ੍ਰਿੜ ਇਰਾਦਾ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਨੇ ਸਿਖਾਇਆ ਕਿ ਕੁਝ ਵੀ ਅਸੰਭਵ ਨਹੀਂ ਹੈ।
ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਲਿਖਿਆ ਕਿ ਪੰਜਾਬ ਦੇ ਮਾਣ, 114 ਸਾਲਾ ਬਾਪੂ ਫੌਜਾ ਸਿੰਘ ਦੇ ਸੜਕ ਹਾਦਸੇ ਵਿੱਚ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਹ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਸਨ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।
ਭਾਜਪਾ ਨੇਤਾ ਪ੍ਰਨੀਤ ਕੌਰ ਨੇ ਕਿਹਾ ਕਿ ਮੈਰਾਥਨ ਦੌੜਾਕ ਫੌਜਾ ਸਿੰਘ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੌੜਨ ਲਈ ਸਮਰਪਿਤ ਕੀਤੀ। ਉਨ੍ਹਾਂ ਨੇ ਅੱਜ ਸਾਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ ਦੁਨੀਆ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੂੰ ਸ਼ਰਧਾਂਜਲੀ।
ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਸਦੀ ਦੇ ਮਹਾਨ ਮੈਰਾਥਨ ਦੌੜਾਕ ਸਰਦਾਰ ਫੌਜਾ ਸਿੰਘ ਜੀ ਦੇ ਦੇਹਾਂਤ 'ਤੇ ਬਹੁਤ ਦੁਖੀ ਹਾਂ। ਉਨ੍ਹਾਂ ਦਾ ਜੀਵਨ ਅਤੇ ਉਨ੍ਹਾਂ ਦੀ ਵਿਰਾਸਤ ਹਮੇਸ਼ਾ ਨਸ਼ਾ ਮੁਕਤ ਪੰਜਾਬ ਲਈ ਪ੍ਰੇਰਿਤ ਕਰੇਗੀ।
ਅਕਾਲੀ ਦਲ ਦੇ ਨੇਤਾ ਦਲਜੀਤ ਸਿੰਘ ਚੀਮਾ- ਅੱਜ 114 ਸਾਲ ਦੀ ਉਮਰ ਵਿੱਚ ਮਹਾਨ ਅਥਲੀਟ ਸਰਦਾਰ ਫੌਜਾ ਸਿੰਘ ਜੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਉਹ ਸਹਿਣਸ਼ੀਲਤਾ ਅਤੇ ਪ੍ਰੇਰਨਾ ਦਾ ਪ੍ਰਤੀਕ ਸਨ। ਉਨ੍ਹਾਂ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰੇਗਾ।
ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਲਿਖਿਆ ਮਸ਼ਹੂਰ ਦੌੜਾਕ ਫੌਜਾ ਸਿੰਘ ਜੀ ਦੇ ਦੇਹਾਂਤ 'ਤੇ ਬਹੁਤ ਦੁਖੀ ਹਾਂ। ਉਨ੍ਹਾਂ ਨੇ ਨਾ ਸਿਰਫ਼ 114 ਸਾਲ ਦੌੜ ਕੇ, ਸਗੋਂ ਪੂਰੀ ਦੁਨੀਆ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੇ ਜਨੂੰਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
2012 ਵਿਚ ਉਹਨਾਂ ਨੇ ਲੰਡਨ ਮੈਰਾਥਨ ਵਿਚ ਵੀ ਦੌੜ ਲਗਾਈ ਅਤੇ 20 ਕਿਲੋਮੀਟਰ ਦੀ ਦੌੜ ਪੂਰੀ ਕੀਤੀ ਅਤੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। 2013 ਵਿੱਚ ਫੌਜਾ ਸਿੰਘ ਨੇ ਆਖਰੀ ਵਾਰ ਹਾਂਗ ਕਾਂਗ ਮੈਰਾਥਨ ਵਿਚ ਪੇਸ਼ੇਵਰ ਤੌਰ ਤੇ ਭਾਗ ਲਿਆ, ਜਦੋਂ ਉਹ 101 ਸਾਲਾਂ ਦੇ ਸਨ। ਜਦੋਂ ਫੌਜਾ ਸਿੰਘ 89 ਸਾਲਾਂ ਦੇ ਸਨ ਤਾਂ ਉਹਨਾਂ ਦੀ ਪਤਨੀ ਅਤੇ ਬੱਚੇ ਦੀ ਇੱਕ ਹਾਦਸੇ ਵਿਚ ਮੌਤ ਹੋ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਕਾਫ਼ੀ ਵੱਡਾ ਸਦਮਾ ਲੱਗਾ ਅਤੇ ਉਹ ਤਣਾਅ ਵਿਚ ਰਹਿਣ ਲੱਗ ਪਏ। ਉਦੋਂ ਤੋਂ ਹੀ ਉਹਨਾਂ ਨੇ ਮੈਰਾਥਨ ਦੌੜਨ ਦਾ ਫੈਸਲਾ ਕੀਤਾ।