Ludhiana News *(ਤਰਸੇਮ ਲਾਲ ਭਾਰਦਵਾਜ) : ਲੁਧਿਆਣਾ ਵਿੱਚ ਸਹੁਰਿਆਂ ਅਤੇ ਪਤੀ ਦੇ ਤਸ਼ੱਦਦ ਦਾ ਸ਼ਿਕਾਰ ਹੋਈ ਔਰਤ ਸਹੁਰੇ ਘਰ ਦੇ ਬਾਹਰ ਬੈਠਣ ਲਈ ਮਜਬੂਰ ਹੋ ਗਈ ਜਦਕਿ ਪਤੀ ਤੇ ਸਹੁਰਾ ਪਰਿਵਾਰ ਘਰੋਂ ਫ਼ਰਾਰ ਹੋ ਚੁੱਕਾ ਹੈ। ਹੰਗਾਮੇ ਦੀ ਸੂਚਨਾ ਮਿਲਣ ਉਤੇ ਮੌਕੇ ਉਪਰ ਪੁੱਜੀ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਪੱਖਾਂ ਨੂੰ ਬੁਲਾ ਦੇ ਮਾਮਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੀੜਤ ਮਹਿਲਾ ਨੇ ਦੋਸ਼ ਲਗਾਇਆ ਕਿ ਸਾਲ 2016 ਵਿੱਚ ਉਸ ਦਾ ਵਿਆਹ ਹੋਇਆ ਸੀ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਉਸ ਦਾ ਪਤੀ ਸਹੁਰੇ ਪਰਿਵਾਰ ਨਾਲ ਮਿਲ ਕੇ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗਾ। ਇਸ ਦੌਰਾਨ ਕਿਰਾਏ ਉਤੇ ਰਹਿਣ ਦਾ ਬਹਾਨਾ ਬਣਾ ਕੇ ਉਸਨੂੰ ਪੇਕੇ ਭੇਜ ਦਿੱਤਾ। ਬਾਅਦ ਵਿੱਚ ਉਸ ਨੂੰ ਤਲਾਕ ਦੇ ਪੇਪਰ ਭੇਜ ਦਿੱਤੇ ਗਏ। ਜਦੋਂ ਮਾਮਲਾ ਅਦਾਲਤ ਵਿੱਚ ਗਿਆ ਤਾਂ ਮੁਲਜ਼ਮ ਨੂੰ ਪਤਨੀ ਦਾ ਖ਼ਰਚਾ ਦੇਣ ਲਈ ਆਰਡਰ ਹੋਏ। ਇਸ ਤੋਂ ਬਾਅਦ ਮੁਲਜ਼ਮ ਮੁੜ ਵਿਆਹੁਤਾ ਨੂੰ ਸਮਝਾ ਬੁਝਾ ਕੇ ਕਿਰਾਏ ਉਤੇ ਚਲਾ ਗਿਆ ਅਤੇ ਬਾਅਦ ਵਿੱਚ ਉਥੋਂ ਛੱਡ ਕੇ ਵੀ ਫਰਾਰ ਹੋ ਗਿਆ। ਜਿੱਥੋਂ ਦੇ ਮਕਾਨ ਮਾਲਕ ਉਸ ਨੂੰ ਪੈਸੇ ਲਈ ਤੰਗ ਕਰ ਰਹੇ ਹਨ।
ਪੀੜਤ ਔਰਤ ਦਾ ਦੋਸ਼ ਹੈ ਕਿ ਇਸ ਦੌਰਾਨ ਉਸ ਦਾ ਪਤੀ ਆਪਣੇ ਪਰਿਵਾਰ ਕੋਲ ਆਉਂਦਾ ਰਿਹਾ। ਪੀੜਤਾ ਨੇ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਉਪਰ ਉਸ ਖਿਲਾਫ਼ ਜਾਤੀਸੂਚਕ ਸ਼ਬਦ ਵਰਤਣ ਦਾ ਦੋਸ਼ ਵੀ ਲਗਾਇਆ। ਜਦਕਿ ਉਹ ਉਸ ਨੂੰ ਬੇਦਖਲ ਕਰਨ ਦਾ ਦਾਅਵਾ ਕਰਦੇ ਸਨ। ਬੀਤੀ ਸ਼ਾਮ ਜਦੋਂ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਮੁਲਜ਼ਮ ਘਰ ਬੰਦ ਕਰਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪੀੜਤ ਔਰਤ ਬੀਤੀ ਸ਼ਾਮ ਤੋਂ ਆਪਣੇ ਸਹੁਰੇ ਪਰਿਵਾਰ ਦੇ ਘਰ ਦੇ ਬਾਹਰ ਬੈਠੀ ਹੋਈ ਹੈ ਅਤੇ ਮੁਹੱਲੇ ਵਾਲਿਆਂ ਨੇ ਹੀ ਉਸ ਨੂੰ ਖਿਲਾਇਆ ਪਿਲਾਇਆ ਹੈ।
ਇਸ ਦੌਰਾਨ ਮੁਹੱਲੇ ਦੇ ਵਸਨੀਕਾਂ ਤੇ ਸਮਾਜ ਸੇਵਕਾਂ ਦਾ ਕਹਿਣਾ ਸੀ ਕਿ ਪੀੜਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੁਹੱਲੇ ਵਾਲੇ ਕਈ ਵਾਰ ਮੁਲਜ਼ਮ ਵਿਅਕਤੀ ਅਤੇ ਉਸਦੇ ਪਰਿਵਾਰ ਨੂੰ ਸਮਝਾ ਚੁੱਕੇ ਹਨ। ਇਨ੍ਹਾਂ ਨੂੰ ਮਿਲ ਬੈਠ ਕੇ ਮਾਮਲਾ ਸੁਲਝਾਉਣਾ ਚਾਹੀਦਾ ਹੈ। ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵੇਂ ਪੱਖਾਂ ਨੂੰ ਬਿਠਾ ਕੇ ਮਾਮਲਾ ਸੁਲਝਾਉਣ ਦੀ ਗੱਲ ਆਖੀ।
ਇਹ ਵੀ ਪੜ੍ਹੋ : Sangrur liquor News: ਸੰਗਰੂਰ ਸ਼ਰਾਬ ਕਾਂਡ 'ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ; ਦੋ ਪੁਲਿਸ ਮੁਲਾਜ਼ਮ ਵੀ ਜਾਂਚ ਦੇ ਘੇਰੇ 'ਚ ਆਏ