Nangal Wetland: ਸਰਦੀ ਦੇ ਮੌਸਮ ਵਿਚ ਕਈ ਦੇਸ਼ਾਂ ਵਿਚ ਬਰਫਬਾਰੀ ਦੇ ਕਾਰਨ ਨਦੀਆਂ , ਤਲਾਅ , ਝੀਲਾਂ ਜੰਮ ਜਾਂਦੇ ਹਨ ਜਿਸ ਕਾਰਨ ਪਰਵਾਸੀ ਪੰਛੀ ਭਾਰਤ ਵੱਲ ਆਉਣ ਲੱਗਦੇ ਹਨ। ਜਿਸ ਵਿੱਚ ਨੰਗਲ ਡੈਮ ਦੀ ਰਾਸ਼ਟਰੀ ਵੈਟਲੈਂਡ ਵੀ ਸ਼ਾਮਲ ਹੈ । ਸਰਦੀਆਂ ਵਿੱਚ ਪਰਵਾਸੀ ਪੰਛੀ ਲੱਖਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨੰਗਲ ਦੀ ਰਾਸ਼ਟਰੀ ਵੈਟਲੈਂਡ ਵਿਖੇ ਪਹੁੰਚਦੇ ਹਨ। ਇਸ ਮੌਸਮ ਵਿੱਚ ਪਰਵਾਸ ਕਰਨ ਤੋਂ ਬਾਅਦ ਵਾਪਿਸ ਪਰਤ ਜਾਂਦੇ ਹਨ ਤੇ ਕੁਝ ਇੱਥੇ ਵੀ ਰਹਿ ਜਾਂਦੇ ਹਨ । ਤੁਹਾਨੂੰ ਦੱਸ ਦਈਏ ਕਿ ਹਰ ਸਾਲ ਅਲੱਗ ਅਲੱਗ ਮੁਲਕਾਂ ਤੋਂ ਇਹ ਪ੍ਰਵਾਸੀ ਪੰਛੀ ਇੱਥੇ ਪਹੁੰਚਦੇ ਹਨ। ਇਹ ਵਿਦੇਸ਼ੀ ਮਹਿਮਾਨ ਭਾਰਤ ਵਿੱਚ ਸਰਦੀਆਂ ਦਾ ਮੌਸਮ ਬਿਤਾਉਣ ਤੋਂ ਬਾਅਦ ਵਾਪਸ ਆਪਣੇ ਦੇਸ਼ ਮੁੜ ਜਾਂਦੇ ਹਨ।
ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਘਿਰਿਆ ਸ਼ਹਿਰ ਨੰਗਲ ਜਿਸ ਤੋਂ ਸਤਲੁਜ ਦਰਿਆ ਦੀ ਸ਼ੁਰੂਆਤ ਵੀ ਹੁੰਦੀ ਹੈ ਜਿਸ ਕਾਰਨ ਇਸ ਸ਼ਹਿਰ ਦੀ ਖੂਬਸੂਰਤੀ ਦੇਖਣ ਲਾਇਕ ਹੁੰਦੀ ਹੈ ਇਸ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਨੰਗਲ ਦੀ ਰਾਸ਼ਟਰੀ ਵੈਟਲੈਂਡ ਵੀ ਲਗਾਉਂਦੀ ਹੈ । ਜਿਵੇਂ ਜਿਵੇਂ ਠੰਢ ਵੱਧਦੀ ਹੈ ਉਵੇਂ ਹੀ ਨੰਗਲ ਦੀ ਵਿਸ਼ਾਲ ਸਤਲੁਜ ਝੀਲ ਦੇ ਕਿਨਾਰੇ ਤੇ ਆਸ ਪਾਸ ਦੇ ਪਿੰਡਾਂ ਦੇ ਖੇਤਾਂ ਵਿੱਚ ਪ੍ਰਵਾਸੀ ਪੰਛੀਆਂ ਦੇ ਆਗਮਨ ਨਾਲ ਰੌਣਕ ਪਰਤ ਆਉਂਦੀ ਹੈ।
ਦੱਸ ਦਈਏ ਕਿ ਹਰ ਸਾਲ ਵੱਡੀ ਤਾਦਾਦ ਦੇ ਵਿੱਚ ਰੂੜੀ ਸ਼ੇਲਡੇਕ , ਗੇਡਵਾਲ , ਨਾਰਦਨ , ਸ਼ਿਵਲਰ , ਕਾਮਨ ਕੋਟਸ , ਬਾਰ ਹੈਡਡ ਗੂਜ਼ , ਲਿਟਲ ਕਾਰਮੋਰੇਂਟ , ਪਿੰਟਲ ਡੱਕ , ਕਾਮਨ ਟੀਲ , ਗਰੇਟ ਕਾਰਮੌਰੇਂਟ , ਵੀਜ਼ਨ , ਕ੍ਰਾਸ ਟਿੱਡ ਗ੍ਰੇਵ , ਟਫ਼ ਟੇਡ ਡੱਕ , ਪੋਚ ਹਾਰਡ ਆਦਿ ਪੰਛੀ ਜਦੋਂ ਬਾਹਰਲੇ ਮੁਲਕਾਂ ਵਿਚ ਬਰਫ ਜੰਮ ਜਾਂਦੀ ਹੈ ਤਾਂ ਇਹ ਪੰਛੀ ਸਰਦੀਆਂ ਦੇ ਦਿਨਾਂ ਵਿੱਚ ਇੱਥੇ ਪਰਵਾਸ ਕਰਦੇ ਹਨ ਤੇ ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਚਲੇ ਜਾਂਦੇ ਹਨ । ਇਹ ਪੰਛੀ ਸਵਿਟਰਜ਼ਲੈਂਡ, ਰਸ਼ੀਆ, ਯੂਕ੍ਰੇਨ ਸਾਈਬੇਰੀਆ, ਬਰਮਾ, ਥਾਈਲੈਂਡ, ਅਫ਼ਗ਼ਾਨਿਸਤਾਨ, ਮੱਧ ਏਸ਼ੀਆ ਆਦਿ ਤੋਂ ਲੱਖਾਂ ਕਿਲੋਮੀਟਰ ਦਾ ਫਾਸਲਾ ਤਹਿ ਕਰਕੇ ਨੈਸ਼ਨਲ ਵੈਟਲੈਂਡ ਨੰਗਲ ਪਹੁੰਚਦੇ ਹਨ।
ਪੰਛੀ ਪ੍ਰੇਮੀਆਂ ਨੇ ਚਿੰਤਾਂ ਵੀ ਜ਼ਾਹਰ ਕੀਤੀ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਪਰਵਾਸੀ ਪੰਛੀਆਂ ਦੇ ਆਮਦ ਵਿੱਚ ਕਮੀ ਆਈ ਹੈ। ਕਈ ਪੰਛੀ ਜੌ ਅਕਸਰ ਕਾਫੀ ਤਾਦਾਤ ਵਿੱਚ ਇੱਥੇ ਆਉਂਦੇ ਸਨ ਕਾਫੀ ਘੱਟ ਦੇਖੇ ਜਾ ਰਹੇ ਹਨ। ਪੰਛੀ ਪ੍ਰੇਮੀਆਂ ਨੇ ਕਿਹਾ ਕਿ ਨੰਗਲ ਦੀ ਵੈਟਲੈਂਡ ਨੂੰ ਰਾਸ਼ਟਰੀ ਵੈਟਲੈਂਡ ਘੋਸ਼ਿਤ ਕੀਤਾ ਗਿਆ ਹੈ ਕਿਉਂਕਿ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਘਿਰੇ ਇਸ ਖੂਬਸੂਰਤ ਸ਼ਹਿਰ ਨੂੰ ਸਤਲੁਜ ਦਰਿਆ ਵੀ ਚਾਰ ਚੰਨ ਲਾਉਂਦਾ ਹੈ ਤੇ ਦਰਿਆ ਦੇ ਆਸ ਪਾਸ ਦੇ ਖੇਤਰ ਵਿੱਚ ਇਹ ਪਰਵਾਸੀ ਪੰਛੀ ਅਠਖੇਲੀਆਂ ਕਰਦੇ ਬੜੇ ਹੀ ਖੂਬਸੂਰਤ ਲਗਦੇ ਹਨ। ਪੰਛੀਆਂ ਦੀ ਚਹਿਚਹਾਟ ਅਕਸਰ ਕੰਨਾਂ ਨੂੰ ਸੁਣਾਈ ਦਿੰਦੀ ਹੈ ਮਗਰ ਜਿਸ ਤਰੀਕੇ ਨਾਲ ਪੰਛੀਆਂ ਦੀ ਆਮਦ ਘੱਟਦੀ ਜਾ ਰਹੀ ਹੈ, ਇਹ ਵੀ ਇਕ ਚਿੰਤਾ ਦਾ ਵਿਸ਼ਾ ਹੈ।