Home >>Punjab

ਮੰਤਰੀ ਡਾ. ਬਲਜੀਤ ਕੌਰ ਨੇ ਰੀਜਨਲ ਸਪਾਈਨਲ ਇੰਜਰੀਜ਼ ਸੈਂਟਰ, ਮੋਹਾਲੀ ਦਾ ਦੌਰਾ ਕੀਤਾ

Mohali News: ਸਪਾਈਨਲ ਇੰਜਰੀਜ਼ ਅਤੇ ਯੂਰੋਲੋਜੀ ਦੀਆਂ ਸਮੱਸਿਆਵਾਂ ਨਾਲ ਸਬੰਧਤ 50 ਦੇ ਕਰੀਬ ਸਰਜਰੀਆਂ ਇੱਕ ਮਹੀਨੇ ਵਿੱਚ ਕੀਤੀਆਂ ਜਾਂਦੀਆਂ ਹਨ ਅਤੇ ਰੋਜ਼ਾਨਾ 100 ਮਰੀਜ਼ਾਂ ਦੀ ਓ.ਪੀ.ਡੀ. ਵਿੱਚ ਹਾਜ਼ਰੀ ਹੁੰਦੀ ਹੈ।

Advertisement
ਮੰਤਰੀ ਡਾ. ਬਲਜੀਤ ਕੌਰ ਨੇ ਰੀਜਨਲ ਸਪਾਈਨਲ ਇੰਜਰੀਜ਼ ਸੈਂਟਰ, ਮੋਹਾਲੀ ਦਾ ਦੌਰਾ ਕੀਤਾ
Manpreet Singh|Updated: Mar 13, 2025, 08:28 PM IST
Share

Mohali News: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਅਨੁਸਾਰ ਸੂਬਾ ਸਰਕਾਰ ਰੀਜਨਲ ਸਪਾਈਨਲ ਇੰਜਰੀਜ਼ ਸੈਂਟਰ, ਸੈਕਟਰ 70, ਮੁਹਾਲੀ ਨੂੰ ਹੋਰ ਸਹੂਲਤਾਂ ਨਾਲ ਲੈਸ ਕਰਕੇ ਇਸ ਨੂੰ ਬਿਹਤਰ ਬਣਾਏਗੀ।

ਅੱਜ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ 2 ਕਰੋੜ ਰੁਪਏ ਦੀ ਵਿੱਤੀ ਗ੍ਰਾਂਟ ਨਾਲ ਸਲਾਨਾ ਸਹਾਇਤਾ ਪ੍ਰਾਪਤ ਇੰਸਟੀਚਿਊਟ ਦਾ ਦੌਰਾ ਕਰਦਿਆਂ ਉਨ੍ਹਾਂ ਕਿਹਾ ਕਿ ਰੀੜ੍ਹ ਦੀ ਹੱਡੀ ਦੀਆਂ ਸੱਟਾਂ ਦੇ ਇਲਾਜ ਲਈ ਪ੍ਰਸਿੱਧ ਸਪਾਈਨਲ ਸਰਜਨ ਅਤੇ ਪ੍ਰੋਜੈਕਟ ਡਾਇਰੈਕਟਰ ਡਾ. ਰਾਜ ਬਹਾਦਰ ਦੀ ਮੁਹਾਰਤ ਅਤੇ ਸੇਵਾਵਾਂ ਨਾਲ ਇਸ ਸੰਸਥਾ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਦੇ ਮਰੀਜ਼ਾਂ ਦੀ ਦੇਖਭਾਲ ਕੀਤੀ ਜਾਂਦੀ ਹੈ। 

ਉਨ੍ਹਾਂ ਦੱਸਿਆ ਕਿ ਸਪਾਈਨਲ ਇੰਜਰੀਜ਼ ਅਤੇ ਯੂਰੋਲੋਜੀ ਦੀਆਂ ਸਮੱਸਿਆਵਾਂ ਨਾਲ ਸਬੰਧਤ 50 ਦੇ ਕਰੀਬ ਸਰਜਰੀਆਂ ਇੱਕ ਮਹੀਨੇ ਵਿੱਚ ਕੀਤੀਆਂ ਜਾਂਦੀਆਂ ਹਨ ਅਤੇ ਰੋਜ਼ਾਨਾ 100 ਮਰੀਜ਼ਾਂ ਦੀ ਓ.ਪੀ.ਡੀ. ਚ ਹਾਜ਼ਰੀ ਹੁੰਦੀ ਹੈ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਅੱਜ ਦੇ ਦੌਰੇ ਦਾ ਮਨੋਰਥ ਡਾ. ਰਾਜ ਬਹਾਦਰ, ਹੋਰ ਡਾਕਟਰਾਂ ਅਤੇ ਸਟਾਫ਼ ਅਤੇ ਇੱਥੇ ਇਲਾਜ ਅਧੀਨ ਮਰੀਜ਼ਾਂ ਨਾਲ ਗੱਲਬਾਤ ਕਰਕੇ ਇੱਥੇ ਹੋ ਸਕਣ ਵਾਲੇ ਹੋਰ ਸੁਧਾਰਾਂ ਦਾ ਪਤਾ ਲਗਾਉਣਾ ਸੀ। ਉਨ੍ਹਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32, ਚੰਡੀਗੜ੍ਹ ਦੇ ਯੂਰੋਲੋਜੀ ਵਿਭਾਗ ਦੇ ਸਾਬਕਾ ਮੁਖੀ ਡਾ. ਵਿਧੁਰ ਭੱਲਾ ਵੀ ਇਨ੍ਹਾਂ ਦਿਨਾਂ ਵਿੱਚ ਇੱਥੇ ਸੇਵਾਵਾਂ ਦੇ ਰਹੇ ਹਨ। ਡਾ. ਰਾਜ ਬਹਾਦਰ ਦੀ ਮੰਗ ਦੇ ਅਨੁਸਾਰ, ਕੈਬਨਿਟਮੰਤਰੀ ਨੇ ਇਸ ਕੇਂਦਰ ਵਿੱਚ ਹੋਰ ਬੈੱਡਿੰਗ ਸਮਰੱਥਾ ਜੋੜਨ ਲਈ ਦੂਜੀ ਮੰਜ਼ਿਲ ਦੀ ਉਸਾਰੀ ਸ਼ੁਰੂ ਕਰਨ ਲਈ ਤੁਰੰਤ 3 ਕਰੋੜ ਰੁਪਏ ਜਾਰੀ ਕਰਨ ਦਾ ਭਰੋਸਾ ਦਿੱਤਾ।

ਪ੍ਰਾਜੈਕਟ ਡਾਇਰੈਕਟਰ ਡਾ. ਰਾਜ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੌਜੂਦਾ 2 ਕਰੋੜ ਰੁਪਏ ਦੀ ਸਾਲਾਨਾ ਵਿੱਤੀ ਸਹਾਇਤਾ ਵਿੱਚ ਵਾਧਾ ਰਾਜ ਸਰਕਾਰ ਦੇ ਵਿਚਾਰ ਅਧੀਨ ਹੈ। ਸਪਾਈਨਲ ਇੰਜਰੀਜ਼ ਸੈਂਟਰ ਦਾ ਦੌਰਾ ਕਰਦਿਆਂ, ਡਾ. ਬਲਜੀਤ ਕੌਰ ਨੇ ਕੇਂਦਰ ਦੇ ਆਈ ਸੀ ਯੂ ਅਤੇ ਹਾਈ ਡਿਪੈਂਡੈਂਸੀ ਯੂਨਿਟ ਤੋਂ ਇਲਾਵਾ ਐਕਸ ਰੇਅ ਅਤੇ ਐਮ ਆਰ ਆਈ ਕਮਰਿਆਂ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਡਾ. ਰਾਜ ਬਹਾਦਰ ਦੀ ਅਗਵਾਈ ਹੇਠ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਇੱਥੇ ਪ੍ਰਾਈਵੇਟ ਸਿਹਤ ਸੰਸਥਾਵਾਂ ਦੇ ਮੁਕਾਬਲੇ ਸਰਜਰੀ ਦੇ ਖਰਚੇ ਬਹੁਤ ਮਾਮੂਲੀ ਹਨ।

ਉਨ੍ਹਾਂ ਨੇ ਉੱਤਰੀ ਖੇਤਰ ਤੋਂ ਇੱਥੇ ਆਉਣ ਵਾਲੇ ਮਰੀਜ਼ਾਂ ਪ੍ਰਤੀ ਦਿਖਾਈ ਜਾ ਰਹੀ ਸਖਤ ਮਿਹਨਤ ਅਤੇ ਦੇਖਭਾਲ ਲਈ ਡਾਕਟਰ ਰਾਜ ਬਹਾਦਰ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਫੀਡਬੈਕ ਵੀ ਲਿਆ। ਇਸ ਮੌਕੇ ਹਾਜ਼ਰ ਅਧਿਕਾਰੀਆਂ ਵਿੱਚ ਕੇਂਦਰ ਦੇ ਡਿਪਟੀ ਡਾਇਰੈਕਟਰ (ਤਕਨੀਕੀ ਸਹੂਲਤਾਂ) ਮਧੂ ਪੁਰੀ, ਅਮਰਜੀਤ ਸਿੰਘ ਭੁੱਲਰ ਡਿਪਟੀ ਡਾਇਰੈਕਟਰ ਸਮਾਜਿਕ ਸੁਰੱਖਿਆ ਵਿਭਾਗ, ਡੀ ਐਸ ਪੀ ਅਜੀਤਪਾਲ ਸਿੰਘ, ਤਹਿਸੀਲਦਾਰ ਗੁਰਵਿੰਦਰ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅੰਮ੍ਰਿਤ ਬਾਲਾ ਆਦਿ ਹਾਜ਼ਰ ਸਨ।

Read More
{}{}