Malerkotla News: ਕਿਸੇ ਵੀ ਹਮਲੇ ਉਤੇ ਹੰਗਾਮੀ ਸਥਿਤੀ ਸਮੇਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ ਇਸ ਦਾ ਹੋਇਆ ਅਭਿਆਸ ਮਾਲੇਰਕੋਟਲਾ ਵਿਚ ਬਚਾਅ ਏਜੰਸੀਆਂ ਅਤੇ ਸਿਵਲ ਪ੍ਰਸ਼ਾਸਨ ਵਿਚਕਾਰ ਤਾਲਮੇਲ ਦਾ ਮੁਲਾਂਕਣ ਕਰਨ ਲਈ "ਆਪ੍ਰੇਸ਼ਨ ਸ਼ੀਲਡ" ਦੀ ਦੂਜੀ ਮੌਕ ਡਰਿੱਲ ਦਫ਼ਤਰ ਡਿਪਟੀ ਕਮਿਸ਼ਨਰ ਦੇ ਅਹਾਤੇ ਵਿਖੇ ਕੀਤੀ ਗਈ।
ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੀ ਨਿਗਰਾਨੀ ਹੇਠ ਚੱਲੇ ਅਭਿਆਸ ਦੌਰਾਨ ਸਾਇਰਨ ਵਜਾ ਕੇ ਹਵਾਈ ਹਮਲੇ, ਅੱਗ ਲੱਗਣ ਤੇ ਗੈਸ ਚੜ੍ਹਨ ਕਰਕੇ ਫੱਟੜਾਂ ਦੀ ਸੰਭਾਲ ਤੇ ਪ੍ਰਸ਼ਾਸਨ ਦੀ ਮਸ਼ੀਨਰੀ ਦੇ ਤਾਲਮੇਲ ਦੀ ਇੱਕ ਜਨਤਕ ਖੇਤਰ ਵਿੱਚ ਐਮਰਜੈਂਸੀ ਸਥਿਤੀਆਂ ਦੀ ਨਕਲ ਕਰਕੇ ਬਚਾਅ ਕਾਰਜਾਂ ਦਾ ਅਭਿਆਸ ਕੀਤਾ ਗਿਆ।
ਇਸ ਦੌਰਾਨ ਪੁਲਿਸ ਹੋਮ ਗਾਰਡਜ਼ ਸਿਵਲ ਡਿਫੈਂਸ, ਸਿਹਤ, ਸਥਾਨਕ ਸਰਕਾਰਾਂ ਅਤੇ ਹੋਰ ਵਿਭਾਗਾਂ ਦੇ ਨੁਮਾਇੰਦੇ ਵੱਲੋਂ ਸਾਂਝਾ ਅਭਿਆਸ ਕੀਤਾ ਗਿਆ ਕਿ ਜੇਕਰ ਹਵਾਈ ਹਮਲਾ ਤੇ ਕੋਈ ਹੰਗਾਮੀ ਸਥਿਤੀ ਹੋ ਜਾਵੇ ਤਾਂ ਕਿਸ ਤਰ੍ਹਾਂ ਬਚਾਅ ਕਰਨਾ ਹੈ। ਇਸ ਮੌਕੇ ਹਵਾਈ ਹਮਲੇ/ ਕਿਸੇ ਵੀ ਤਰ੍ਹਾਂ ਦੀ ਅਪਾਤ ਸਥਿਤੀ ਦੌਰਾਨ ਅੱਗ ਲੱਗਣ ਦਾ ਸੀਨ ਬਣਾਇਆ ਗਿਆ ਤੇ ਬਚਾਅ ਸਬੰਧੀ ਕੀਤੀ ਕਾਰਵਾਈ ਨੂੰ ਦਰਸਾਇਆ ਗਿਆ।
ਇਸ ਦੌਰਾਨ ਮਾਹਰਾਂ ਵੱਲੋਂ ਦੱਸਿਆ ਕਿ ਜੇਕਰ ਹਮਲੇ ਸਮੇਂ ਤੁਸੀਂ ਖੁੱਲ੍ਹੇ ਵਿੱਚ ਹੋ ਤਾਂ ਜਲਦੀ ਤੋਂ ਜਲਦੀ ਧਰਤੀ 'ਤੇ ਪੈ ਕੇ ਬਚਾਅ ਕਰਨਾ ਹੈ। ਇਸ ਮੌਕੇ ਜੇਕਰ ਬਹੁ ਮੰਜ਼ਲਾਂ ਇਮਾਰਤ ਵਿਚ ਹੋ ਤੇ ਹੇਠਲੇ ਤਲ ਉਤੇ ਆ ਜਾਓ। ਹਰ ਪ੍ਰਕਾਰ ਦੀਆਂ ਲਾਈਟਾਂ ਬੰਦ ਕਰ ਦਿਓ ਅਤੇ ਕੋਈ ਵੀ ਰੌਸ਼ਨੀ ਨਾ ਕਰੋ। ਜੇਕਰ ਤੁਹਾਡੇ ਨੇੜੇ ਇਮਾਰਤ ਨਹੀਂ ਹੈ ਤਾਂ ਕਿਸੇ ਦਰੱਖਤ ਦੇ ਥੱਲੇ ਓਟ ਲਵੋ। ਜੇਕਰ ਤੁਸੀਂ ਵਾਹਨ ਚਲਾ ਰਹੇ ਹੋ ਤਾਂ ਵਾਹਣ ਛੱਡ ਕੇ ਥੱਲੇ ਆ ਜਾਓ। ਜੇਕਰ ਤੁਹਾਡੇ ਕੋਲ ਓਟ ਲੈਣ ਲਈ ਕੋਈ ਥਾਂ ਨਹੀਂ ਹੈ ਤਾਂ ਧਰਤੀ ਤੇ ਛਾਤੀ ਦੇ ਭਾਰ ਲੇਟ ਜਾਓ ਅਤੇ ਆਪਣੀਆਂ ਉਂਗਲਾਂ ਨਾਲ ਕੰਨ ਬੰਦ ਕਰ ਲਓ। ਇਸ ਸਮੇਂ ਦੌਰਾਨ ਕਿਸੇ ਵੀ ਪ੍ਰਕਾਰ ਦਾ ਰੌਸ਼ਨੀ ਨਾ ਕਰੋ।
ਇਸ ਤੋਂ ਬਿਨਾਂ ਇਮਾਰਤ ਦੇ ਅੰਦਰ ਕਮਰੇ ਦੇ ਕੋਨੇ ਵਿੱਚ ਸ਼ਰਨ ਲਵੋ ਜਾਂ ਕੋਈ ਕੱਪ ਬੋਰਡ ਜਾਂ ਭਾਰੀ ਚੀਜ਼ ਹੈ ਤਾਂ ਉਸ ਦੇ ਹੇਠਾਂ ਵੀ ਸ਼ਰਨ ਲਈ ਜਾ ਸਕਦੀ ਹੈ ਖਿੜਕੀਆਂ ਵਿੱਚ ਖੜੇ ਨਾ ਹੋਵੋ। ਗੈਸ ਪਾਣੀ ਅਤੇ ਬਿਜਲੀ ਦੀਆਂ ਸਵਿੱਚਾਂ ਬੰਦ ਕਰ ਦਿਓ।ਇਸ ਮੌਕੇ ਹਮਲੇ ਦੌਰਾਨ ਜ਼ਖ਼ਮੀਆਂ ਦੀ ਕਿਸ ਤਰ੍ਹਾਂ ਸੰਭਾਲ ਕਰਨ ਹੈ ਤੇ ਲੋੜਵੰਦਾਂ ਨੂੰ ਹਸਪਤਾਲ ਕਿਵੇਂ ਲੈ ਕੇ ਜਾਣਾ ਹੈ ਤੇ ਅੱਗ ਲੱਗਣ ਦੀ ਸੂਰਤ ਵਿੱਚ ਅੱਗ ਤੋਂ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਹੈ ਤੇ ਅੱਗ ਕਿਸ ਤਰ੍ਹਾਂ ਬੁਝਾਉਣੀ ਹੈ ਅਤੇ ਪ੍ਰਸ਼ਾਸਨ ਦੀ ਮਸ਼ੀਨਰੀ ਦੀ ਵਰਤੋਂ ਸਬੰਧੀ ਅਭਿਆਸ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਖ਼ਤਰੇ ਮੌਕੇ ਇਨ੍ਹਾਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਕਿਸੇ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਉਣ ਅਤੇ ਨਾ ਹੀ ਘਰੇਲੂ ਸਾਮਾਨ ਦੀ ਖਰੀਦੋ-ਫਰੋਖਤ ਲਈ ਕੋਈ ਕਾਹਲ ਦਿਖਾਉਣ ਕਿਉਕਿ ਅਜਿਹੀ ਕੋਈ ਸਥਿਤੀ ਨਹੀਂ ਹੈ ਜਿਸ ਕਾਰਨ ਸਾਮਾਨ ਇਕੱਠਾ ਕਰਨਾ ਪਵੇ।