Amritsar Mock drill News(ਭਰਤ ਸ਼ਰਮਾ): ਭਾਰਤ-ਪਾਕਿ ਸਰਹੱਦ ''ਤੇ ਵਧ ਰਹੇ ਤਣਾਅ ਅਤੇ ਅੱਤਵਾਦੀ ਹਮਲਿਆਂ ਦੀ ਸੰਭਾਵਨਾ ਦੇ ਮੱਦੇਨਜ਼ਰ, ਅੱਜ ਅੰਮ੍ਰਿਤਸਰ ਵਿੱਚ ਇੱਕ ਵਿਆਪਕ ਮੌਕ ਡ੍ਰਿਲ ਦਾ ਆਯੋਜਨ ਕੀਤਾ ਗਿਆ। ਇਸ ਅਭਿਆਸ ਵਿੱਚ ਪੰਜਾਬ ਹੋਮ ਗਾਰਡ, ਐਨ.ਸੀ.ਸੀ., ਫਾਇਰ ਬ੍ਰਿਗੇਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸਦਾ ਉਦੇਸ਼ ਐਮਰਜੈਂਸੀ ਵਿੱਚ ਤੇਜ਼ ਅਤੇ ਤਾਲਮੇਲ ਵਾਲਾ ਜਵਾਬ ਯਕੀਨੀ ਬਣਾਉਣਾ ਸੀ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਜੋ ਮੌਕੇ ''ਤੇ ਮੌਜੂਦ ਸਨ ਅਤੇ ਤਿਆਰੀਆਂ ਦੀ ਨਿਗਰਾਨੀ ਕਰ ਰਹੇ ਸਨ, ਨੇ ਕਿਹਾ, "ਇਹ ਸਿਰਫ਼ ਇੱਕ ਅਭਿਆਸ ਹੈ, ਜਨਤਾ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।"
ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਵਿਸ਼ੇਸ਼ ਤੌਰ ''ਤੇ ਅਪੀਲ ਕੀਤੀ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਪ੍ਰਸ਼ਾਸਨ ਦੁਆਰਾ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ ''ਤੇ ਹੀ ਭਰੋਸਾ ਕਰਨ। ਉਨ੍ਹਾਂ ਚੇਤਾਵਨੀ ਦਿੱਤੀ ਕਿ, "ਕਾਲਾਬਾਜ਼ਾਰੀ ਕਰਨ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।"
ਅਭਿਆਸ ਦੌਰਾਨ ਕਈ ਤਰ੍ਹਾਂ ਦੀਆਂ ਐਮਰਜੈਂਸੀ ਸਥਿਤੀਆਂ ਦਾ ਅਭਿਆਸ ਕੀਤਾ ਗਿਆ, ਜਿਵੇਂ ਕਿ ਧਮਾਕੇ ਦੀ ਸੂਚਨਾ, ਭੀੜ ਪ੍ਰਬੰਧਨ, ਅਤੇ ਬਲੈਕਆਊਟ ਪ੍ਰਕਿਰਿਆਵਾਂ। ਮੌਕ ਡ੍ਰਿਲ ਦੌਰਾਨ ਆਮ ਨਾਗਰਿਕਾਂ ਨੂੰ ਇਹ ਵੀ ਦੱਸਿਆ ਗਿਆ ਕਿ ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਪ੍ਰਸ਼ਾਸਨ ਦੀ ਇਸ ਤਿਆਰੀ ਨੂੰ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਇੱਕ ਮਜ਼ਬੂਤ ਸੰਕੇਤ ਮੰਨਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਖਬਰਾਂ ਸੁਣ ਪੈਨਿਕ ਹੋ ਰਹੇ ਹਨ ਲੋਕਾਂ ਨੂੰ ਪੈਨਿਕ ਹੋਣ ਦੀ ਜਰੂਰਤ ਨਹੀਂ ਨਾ ਹੀ ਘਬਰਾਉਣ ਦੀ ਜਰੂਰਤ ਹੈ ਉੱਥੇ ਹੀ ਉਹਨਾਂ ਕਿਹਾ ਕਿ ਜਿਹੜੇ ਲੋਕ ਇਸ ਸਮੇਂ ਕਾਲਾ ਬਜਾਰੀ ਕਰ ਰਹੇ ਹਨ ਜੋ ਪੈਟਰੋਲ ਵੱਧ ਕੀਮਤਾਂ ਦੇ ਵੇਚ ਰਹੇ ਹਨ ਜਾਂ ਰਾਸ਼ਨ ਵੱਧ ਕੀਮਤਾਂ ਦੇ ਵੇਚ ਰਹੇ ਹਨ ਅਸੀਂ ਉਹਨਾਂ ਦਾ ਪਤਾ ਲਗਾ ਕੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੇ ਹਾਂ।