Moga(ਨਵਦੀਪ ਸਿੰਘ): ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀ ਦੀ ਚੇਅਰਪਰਸਨ ਅਤੇ ਪਿੰਡ ਚੁਗਾਵਾਂ ਦੀ ਸਰਪੰਚ ਨਰਿੰਦਰ ਕੌਰ ਵੱਲੋਂ ਆਪਣੇ ਪਿੰਡ ਲਈ ਕੀਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਉਨ੍ਹਾਂ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਰਾਜਧਾਨੀ ਦਿੱਲੀ ਵਿੱਚ ਹੋਣ ਵਾਲੇ ਰਾਸ਼ਟਰੀ ਸਮਾਰੋਹ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਚੁਣਿਆ ਹੈ। ਇਹ ਜਾਣਕਾਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਆਦਰਸ਼ ਨਿਰਮਲ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਸਰਪੰਚ ਨਰਿੰਦਰ ਕੌਰ ਦੀ ਅਗਵਾਈ ਵਾਲੀ ਕਮੇਟੀ ਪਿੰਡ ਚੁਗਾਵਾਂ ਵਿੱਚ ਵਾਟਰ ਸਪਲਾਈ ਸਕੀਮ ਨੂੰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਹਿਯੋਗ ਨਾਲ ਬਹੁਤ ਵਧੀਆ ਢੰਗ ਨਾਲ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਘਰਾਂ ਦੀ ਗਿਣਤੀ ਲਗਭਗ 497 ਹੈ ਅਤੇ ਆਬਾਦੀ ਲਗਭਗ 2700 ਹੈ ਅਤੇ ਪਿੰਡ ਵਿੱਚ 3 ਆਂਗਣਵਾੜੀ ਕੇਂਦਰ ਅਤੇ 2 ਸਰਕਾਰੀ ਸਕੂਲ ਹਨ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਵਾਟਰ ਸਪਲਾਈ ਦੀ ਚੇਅਰਪਰਸਨ ਅਤੇ ਪਿੰਡ ਦੀ ਸਰਪੰਚ ਹੋਣ ਦੇ ਨਾਤੇ ਨਰਿੰਦਰ ਕੌਰ ਅਣਥੱਕ ਯਤਨ ਕਰਦੀਆਂ ਹਨ ਤਾਂ ਜੋ ਆਮ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ।
ਪਿੰਡ ਦੇ ਵਾਟਰ ਸਪਲਾਈ ਨੂੰ ਸੁੰਦਰ ਦਿੱਖ ਦੇਣ ਲਈ ਉਨ੍ਹਾਂ ਵੱਲੋਂ ਵਾਟਰ ਵਰਕਸ 'ਤੇ ਇੱਕ ਸੁੰਦਰ ਪਾਰਕ ਬਣਾਇਆ ਗਿਆ ਹੈ। ਪੂਰੇ ਪਿੰਡ ਦੇ ਲੋਕ ਇਸ ਪਾਰਕ ਵਿੱਚ ਸੈਰ ਕਰਨ ਲਈ ਆਉਂਦੇ ਹਨ ਅਤੇ ਉਨ੍ਹਾਂ ਨੇ ਪਿੰਡ ਦੇ ਸਾਰੇ ਘਰਾਂ ਦੇ ਸਾਹਮਣੇ ਇੱਕ ਨੇਮ ਪਲੇਟ ਵੀ ਲਗਾਈ ਹੈ ਜਿਸ 'ਤੇ ਘਰ ਦੇ ਮੁਖੀ ਦਾ ਨਾਮ ਅਤੇ ਵਾਟਰ ਸਪਲਾਈ ਕੁਨੈਕਸ਼ਨ ਦਾ ਨੰਬਰ ਵੀ ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਲ ਸਪਲਾਈ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਮੇਟੀ ਦੀ ਮਹੀਨਾਵਾਰ ਮੀਟਿੰਗ ਵੀ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਾਰੰਗਲ ਨੇ ਵੀ ਸਰਪੰਚ ਨਰਿੰਦਰ ਕੌਰ ਦੀ ਚੋਣ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਿਅਕਤੀਗਤ ਤੌਰ 'ਤੇ ਜਾਂ ਸਮੂਹਿਕ ਤੌਰ 'ਤੇ ਅੱਗੇ ਆਉਣ। ਉਨ੍ਹਾਂ ਦੇ ਯੋਗਦਾਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਦਾ ਸਤਿਕਾਰ ਅਤੇ ਸਨਮਾਨ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਰਹੇਗੀ ਕਿ ਭਵਿੱਖ ਵਿੱਚ ਵੀ ਚੰਗਾ ਕੰਮ ਕਰਨ ਵਾਲੇ ਵਿਅਕਤੀਆਂ, ਸਮੂਹਾਂ ਜਾਂ ਸੰਸਥਾਵਾਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਸਨਮਾਨਿਤ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ, "ਨਰਿੰਦਰ ਕੌਰ ਦੇ ਸਮਰਪਣ ਅਤੇ ਅਗਵਾਈ ਨੇ ਚੁਗਵਾਂ ਪਿੰਡ ਦੇ ਵਸਨੀਕਾਂ ਦੇ ਜੀਵਨ 'ਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਪਿੰਡ ਦੇ ਸਾਫ਼ ਪੀਣ ਵਾਲੇ ਪਾਣੀ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੇ ਯਤਨ ਸੱਚਮੁੱਚ ਸ਼ਲਾਘਾਯੋਗ ਹਨ। ਸਾਨੂੰ ਮਾਣ ਹੈ ਕਿ ਉਹ ਦਿੱਲੀ ਵਿੱਚ ਗਣਤੰਤਰ ਦਿਵਸ ਸਮਾਰੋਹ ਵਿੱਚ ਮੋਗਾ ਜ਼ਿਲ੍ਹੇ ਦੀ ਨੁਮਾਇੰਦਗੀ ਕਰ ਰਹੀ ਹੈ।" ਉਨ੍ਹਾਂ ਸਰਪੰਚ ਸ਼੍ਰੀਮਤੀ ਨਰਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।