Pastor Bajinder Singh: ਮੋਹਾਲੀ ਦੀ ਅਦਾਲਤ ਅੱਜ ਜ਼ੀਰਕਪੁਰ ਦੀ ਇੱਕ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਦੋਸ਼ੀ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਫੈਸਲਾ ਸੁਣਾਏ ਜਾਣ ਤੋਂ ਬਾਅਦ ਮੋਹਾਲੀ ਅਦਾਲਤ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਭਾਰੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਮੋਹਾਲੀ ਅਦਾਲਤ ਵਿਚੋਂ ਪਾਦਰੀ ਬਜਿੰਦਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਟਿਆਲਾ ਜੇਲ੍ਹ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਪੀੜਤਾ ਦੇ ਵਕੀਲ ਨੇ ਦੱਸਿਆ ਕਿ ਅਦਾਲਤ ਨੇ ਕਿਹਾ ਕਿ ਉਸ ਨੂੰ ਆਖਰੀ ਸਾਹ ਤੱਕ ਜੇਲ੍ਹ 'ਚ ਰਹਿਣਾ ਪਵੇਗਾ। ਪੀੜਤ ਨੇ ਇਸ ਮਾਮਲੇ ਵਿੱਚ ਅਦਾਲਤ ਅਤੇ ਪੁਲਿਸ ਦਾ ਧੰਨਵਾਦ ਕੀਤਾ ਹੈ। ਇਹ ਸਜ਼ਾ ਅਜਿਹੇ ਸਮੇਂ ਵਿਚ ਆ ਰਹੀ ਹੈ ਜਦੋਂ ਬਜਿੰਦਰ ਸਿੰਘ ਇਕ ਹੋਰ ਔਰਤ ਨਾਲ ਜਿਣਸੀ ਸ਼ੋਸ਼ਣ ਅਤੇ ਕੁੱਟਮਾਰ ਦੇ ਇਕ ਹੋਰ ਮਾਮਲੇ ਵਿਚ ਘਿਰਿਆ ਹੋਇਆ ਹੈ।
ਬਜਿੰਦਰ ਨੂੰ 3 ਦਿਨ ਪਹਿਲਾਂ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਪਾਸਟਰ ਬਜਿੰਦਰ ਜ਼ੀਰਕਪੁਰ ਦੀ ਲੜਕੀ ਨੂੰ ਵਿਦੇਸ਼ 'ਚ ਸੈਟਲ ਕਰਨ ਦੇ ਬਹਾਨੇ ਆਪਣੇ ਘਰ ਲੈ ਗਿਆ ਸੀ। ਜਿੱਥੇ ਉਸ ਨਾਲ ਜਬਰ ਜਨਾਹ ਦੀ ਵੀਡੀਓ ਬਣਾਈ ਸੀ। ਉਸ ਨੇ ਪੀੜਤਾ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਉਸ ਦਾ ਵਿਰੋਧ ਕੀਤਾ ਤਾਂ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਦੇਵੇਗਾ। ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਪਾਦਰੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਔਰਤ ਨਾਲ ਜਬਰ ਜਨਾਹ ਮਾਮਲੇ 'ਚ ਨਾਮਜ਼ਦ ਪਾਸਟਰ ਬਜਿੰਦਰ ਸਿੰਘ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਦੇ ਵਕੀਲ ਐਚ.ਐਸ ਧਨੋਆ ਨੇ ਪਾਦਰੀ ਖ਼ਿਲਾਫ਼ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਅਦਾਲਤ ਨੂੰ ਦੱਸਿਆ ਸੀ ਕਿ 3 ਮਾਰਚ ਨੂੰ ਪਾਸਟਰ ਬਜਿੰਦਰ ਸਿੰਘ ਹਸਪਤਾਲ ਵਿੱਚ ਦਾਖ਼ਲ ਸੀ। ਜਿਸ ਕਾਰਨ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਿਆ ਅਤੇ ਉਸ ਵੱਲੋਂ ਅਦਾਲਤ ਵਿੱਚ ਪੇਸ਼ੀ ਤੋਂ ਛੋਟ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ। ਦੂਜੇ ਪਾਸੇ ਅਦਾਲਤ ਨੇ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬਜਿੰਦਰ ਸਿੰਘ ਦੇ ਗੈਰ-ਜ਼ਮਾਨਤੀ ਵਾਰੰਟ ਨੂੰ ਰੱਦ ਕਰਦਿਆਂ ਕੇਸ ਦੀ ਅਗਲੀ ਸੁਣਵਾਈ ਲਈ 24 ਮਾਰਚ ਦੀ ਤਰੀਕ ਤੈਅ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ।