Mohali News: ਸੋਹਾਣਾ ਵਿੱਚ ਇਮਾਰਤ ਡਿੱਗਣ ਦੀ ਘਟਨਾ ਤੋਂ ਬਾਅਦ ਮੁਹਾਲੀ ਨਗਰ ਨਿਗਮ ਨੇ ਅਣਅਧਿਕਾਰਤ ਅਤੇ ਕਮਜ਼ੋਰ ਇਮਾਰਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਸ ਮਾਮਲੇ ’ਤੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨਗਰ ਨਿਗਮ ਨੇ ਮੋਹਾਲੀ ਵਿੱਚ ਬਿਨਾਂ ਮਨਜ਼ੂਰੀ ਤੋਂ ਉਸਾਰੀਆਂ ਗਈਆਂ ਉੱਚੀਆਂ ਇਮਾਰਤਾਂ ਦਾ ਸਰਵੇ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਮਾਰਤਾਂ ਦੇ ਨਿਰਮਾਣ ਨੂੰ ਤੁਰੰਤ ਰੋਕਣ ਲਈ ਕਦਮ ਚੁੱਕੇ ਜਾ ਰਹੇ ਹਨ। ਮੇਅਰ ਨੇ ਮੰਨਿਆ ਕਿ ਕਈ ਪਿੰਡਾਂ ਵਿੱਚ ਉੱਚੀਆਂ ਇਮਾਰਤਾਂ ਦੇ ਮੁੱਦੇ ਉੱਠ ਰਹੇ ਹਨ।
ਸਰਵੇ ਵਿੱਚ ਨਗਰ ਨਿਗਮ ਦੇ ਅਧਿਕਾਰੀ ਕਮਜ਼ੋਰ ਅਤੇ ਅਣਅਧਿਕਾਰਤ ਇਮਾਰਤਾਂ ਦਾ ਨਿਰੀਖਣ ਕਰਨਗੇ। ਜੇਕਰ ਕੋਈ ਇਮਾਰਤ ਮਾਪਦੰਡਾਂ 'ਤੇ ਖਰੀ ਨਹੀਂ ਉਤਰਦੀ ਤਾਂ ਮਾਲਕਾਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੂੰ ਕਿਹਾ ਜਾਵੇਗਾ ਕਿ ਉਹ ਆਪਣੀ ਇਮਾਰਤ ਖੁਦ ਢਾਹੁਣ, ਨਹੀਂ ਤਾਂ ਨਗਰ ਨਿਗਮ ਦੀ ਕਾਰਵਾਈ ਲਈ ਤਿਆਰ ਰਹਿਣ। ਨਗਰ ਨਿਗਮ ਵੱਲੋਂ ਅਣਅਧਿਕਾਰਤ ਇਮਾਰਤਾਂ ਨੂੰ ਹਟਾਉਣ ਅਤੇ ਉਨ੍ਹਾਂ ਨੂੰ ਸੀਲ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ।