Mohali News(ਮਨੀਸ਼ ਸ਼ੰਕਰ): ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 1993 ਫਰਜੀ ਪੁਲਿਸ ਐਨਕਾਊਂਟਰ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਉਂਦੇ ਹੋਏ 3 ਪੁਲਿਸ ਅਧਿਕਾਰੀਆਂ ਨੂੰ ਪਲਵਿੰਦਰ ਸਿੰਘ @ਪਪੂ ਵਾਸੀ ਕਪੂਰਥਲਾ ਦੇ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ। ਥਾਣੇਦਾਰ ਮਨਜੀਤ ਸਿੰਘ ਨੂੰ 8 ਸਾਲ ਦੀ ਕੈਦ ਅਤੇ 50 ਹਜਾਰ ਰੁਪਏ ਨਗਦ ਜੁਰਮਾਨਾ, ASI ਕਰਮਜੀਤ ਸਿੰਘ ਨੂੰ ਆਈਪੀਸੀ 342/120ਬੀ ਤਹਿਤ 3 ਸਾਲ ਦੀ ਕੈਦ ਅਤੇ 50 ਹਜਾਰ ਰੁਪਏ ਜੁਰਮਾਨਾ, SI ਗੁਰਮੇਜ ਸਿੰਘ ਨੂੰ ਆਈਪੀਸੀ ਦੀ ਧਾਰਾ 364 ਦੇ ਤਹਿਤ 8 ਸਾਲ ਦੀ ਕੈਦ ਅਤੇ 50 ਹਜਾਰ ਰੁਪਏ ਜੁਰਮਾਨਾ, ਅਤੇ ਸਿਪਾਹੀ ਕਸ਼ਮੀਰ ਸਿੰਘ ਅਤੇ ਹਰਜੀਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ।
ਮਾਮਲੇ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਪਲਵਿੰਦਰ ਸਿੰਘ ਦੀ ਪੁੱਤਰੀ ਭੁਪਿੰਦਰ ਕੌਰ ਨੇ ਦੱਸਿਆ ਕਿ ਉਹ ਮੋਹਾਲੀ ਦੀ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਤੋਂ ਅਸੰਤੁਸ਼ਟ ਹਨ ਤੇ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਨੌਤੀ ਦੇਣਗੇ ਅਤੇ ਆਰੋਪੀਆਂ ਖਿਲਾਫ ਮੌਤ ਦੀ ਸਜ਼ਾ ਦੀ ਮੰਗ ਕਰਨਗੇ।
ਅੱਗੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕੇਸ ਦੀ ਪੈਰਵਾਈ ਕਰਦੇ ਹੋਏ ਪਹਿਲਾਂ ਉਨਾਂ ਦੇ ਦਾਦਾ ਦਰਸ਼ਨ ਸਿੰਘ ਦੀ ਮੌਤ ਹੋਈ ਉਸ ਤੋਂ ਬਾਅਦ ਉਹਨਾਂ ਦੀ ਦਾਦੀ ਵੱਲੋਂ ਇਸ ਕੇਸ ਦੀ ਪੈਰਵਾਈ ਕੀਤੀ ਜਾ ਰਹੀ ਸੀ ਦੌਰਾਨੇ ਟਰਾਇਲ ਉਹਨਾਂ ਦੀ ਮੌਤ ਹੋ ਗਈ ਤੇ ਬੀਤੀ 27 ਮਾਰਚ ਨੂੰ ਉਹਨਾਂ ਦੇ ਭਰਾ ਦੀ ਇੱਕ ਦੁਰਘਟਨਾ ਵਿੱਚ ਮੌਤ ਹੋਈ ਹੈ ਜਿਸ ਦਾ ਸ਼ੱਕ ਆਰੋਪੀ ਪੁਲਿਸ ਅਧਿਕਾਰੀਆਂ ਤੇ ਜਾਹਿਰ ਕੀਤਾ ਗਿਆ।
ਅੱਗੇ ਕੇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਭੁਪਿੰਦਰ ਕੌਰ ਨੇ ਦੱਸਿਆ ਕਿ 1993 ਵਿੱਚ ਜਦੋਂ ਭੁਪਿੰਦਰ ਕੌਰ ਦੀ ਉਮਰ ਤਕਰੀਬਨ 3 ਸਾਲ ਦੀ ਸੀ ਤਾਂ ਉਸ ਦੇ ਪਿਤਾ ਨੂੰ ਥਾਣਾ ਰਾਵਲਪਿੰਡੀ ਪੁਲਿਸ ਵੱਲੋਂ ਸਵੇਰੇ 8 ਵਜੇ ਉਹਨਾਂ ਦੇ ਘਰ ਤੋਂ ਲੈ ਕੇ ਗਏ ਅਤੇ ਉਸ ਤੋਂ ਬਾਅਦ ਉਹ ਆਪਣੇ ਪਿਤਾ ਦਾ ਰਾਹ ਵੇਖਦੀ ਰਹੀ ਤੇ ਪਿਤਾ ਅਜ ਤਕ ਘਰ ਨਹੀਂ ਪਰਤੇ।
ਜਿਸ ਤੋਂ 2 ਸਾਲ ਬਾਅਦ ਉਹਨਾਂ ਵੱਲੋਂ ਪੰਜਾਬ ਹਰਿਆਣਾ ਹਾਈ ਕਰਟ ਵਿੱਚ ਰਿਟ ਪਾਈ ਗਈ ਤਾਂ ਹਾਈ ਕੋਰਟ ਵਿੱਚ ਪੁਲਿਸ ਅਧਿਕਾਰੀਆਂ ਨੇ ਜਵਾਬ ਦਾਖਲ ਕੀਤਾ ਕਿ ਉਹਨਾਂ ਦੇ ਪਿਤਾ ਪਲਵਿੰਦਰ ਸਿੰਘ ਲੋਕ ਅਪ ਵਿੱਚੋਂ ਫਰਾਰ ਹੋ ਗਏ ਹਨ। ਜਿਸ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਇਹ ਕੇਸ ਸੀਬੀਆਈ ਨੂੰ ਦੇ ਦਿੱਤਾ ਗਿਆ। ਜਿਸ ਤੋਂ ਬਾਅਦ 2005 ਵਿੱਚ ਇਸ ਕੇਸ ਦੀ ਚਾਰਜ ਸ਼ੀਟ ਸੀਬੀਆਈ ਵੱਲੋਂ ਮੋਹਾਲੀ ਅਦਾਲਤ ਵਿੱਚ ਦਾਖਲ ਕੀਤੀ ਗਈ। ਜਿਸ ਵਿੱਚ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ 3 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।