MP Gurmeet Hayer: ਰਾਜਸਥਾਨ ਦੇ ਜੈਪੁਰ ਵਿੱਚ ਤਰਨਤਾਰਨ ਦੀ ਸਿੱਖ ਲੜਕੀ ਨੂੰ ਸਿਵਲ ਜੱਜ ਦੀ ਪ੍ਰੀਖਿਆ ਦੇਣ ਤੋਂ ਰੋਕਣ ਦਾ ਮੁੱਦਾ ਕਾਫੀ ਭਖਦਾ ਜਾ ਰਿਹਾ ਹੈ। ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮੁੱਦੇ ਨੂੰ ਪਾਰਲੀਮੈਂਟ ਵਿੱਚ ਚੁੱਕਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਆਪਣੇ ਐਕਸ ਹੈਂਡਲ ਉਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਰਾਜਸਥਾਨ ਵਿੱਚ ਇੱਕ ਸਿੱਖ ਬੱਚੀ ਨੂੰ (ਕਕਾਰ)ਧਾਰਮਿਕ ਚਿੰਨ੍ਹ ਪਹਿਨੇ ਹੋਣ ਕਰਕੇ ਜੁਡੀਸ਼ੀਅਲ ਪ੍ਰੀਖਿਆ ‘ਚ ਬੈਠਣ ਤੋਂ ਰੋਕਣਾ ਸਿੱਧੇ ਤੌਰ ਉੱਤੇ ਉਸ ਦੀ ਧਾਰਮਿਕ ਆਸਥਾ ਉੱਪਰ ਹਮਲਾ ਹੈ। ਧਰਮ ਦੀ ਆਜ਼ਾਦੀ ਖਿਲਾਫ ਚੁੱਕੇ ਇਸ ਗੈਰ-ਸੰਵਿਧਾਨਕ ਕਦਮ ਦੀ ਮੈਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ। ਮੈਂ ਇਹ ਮਾਮਲਾ ਪਾਰਲੀਮੈਂਟ ਵਿੱਚ ਵੀ ਉਠਾਵਾਂਗਾ।
ਕਾਬਿਲੇਗੌਰ ਹੈ ਕਿ ਤਰਨਤਾਰਨ ਜ਼ਿਲ੍ਹੇ ਦੀ ਇੱਕ ਸਿੱਖ ਲੜਕੀ, ਜੋ ਰਾਜਸਥਾਨ ਦੇ ਜੈਪੁਰ ਵਿੱਚ ਪੂਰਨਿਮਾ ਯੂਨੀਵਰਸਿਟੀ ਵਿੱਚ ਆਯੋਜਿਤ ਨਿਆਂਇਕ ਸੇਵਾਵਾਂ ਪ੍ਰੀਖਿਆ (ਪੀਸੀਐਸ-ਜੇ) ਲਈ ਆਈ ਸੀ, ਨੂੰ ਉਸਦੇ ਧਾਰਮਿਕ ਚਿੰਨ੍ਹ (ਕਕਾਰ) ਕਾਰਨ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ। ਲੜਕੀ ਦਾ ਦੋਸ਼ ਹੈ ਕਿ ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਕਕਾਰ ਉਤਾਰਨ ਲਈ ਕਿਹਾ, ਪਰ ਉਸਨੇ ਅਜਿਹਾ ਨਹੀਂ ਕੀਤਾ। ਇਸ ਕਾਰਨ, ਲੜਕੀ ਪ੍ਰੀਖਿਆ ਕੇਂਦਰ ਵਿੱਚ ਦਾਖਲ ਨਹੀਂ ਹੋ ਸਕੀ, ਜਿਸ ਕਾਰਨ ਉਹ ਆਪਣੀ ਪ੍ਰੀਖਿਆ ਤੋਂ ਖੁੰਝ ਗਈ।
ਮੌਕੇ ਤੋਂ ਉਸਨੇ ਘਟਨਾ ਦੀਆਂ ਕੁਝ ਵੀਡੀਓ ਬਣਾਈਆਂ ਅਤੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਈਮੇਲ ਕੀਤੀਆਂ ਹਨ। ਐਸਜੀਪੀਸੀ ਨੇ ਇਸ ਘਟਨਾ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੱਸਿਆ ਹੈ। ਇਸ ਦੇ ਨਾਲ ਹੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਵੀ ਰਾਜਸਥਾਨ ਦੇ ਮੁੱਖ ਮੰਤਰੀ ਤੋਂ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਜ਼ਿੰਮੇਵਾਰ ਅਧਿਕਾਰੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰ ਰਹੀਆਂ ਹਨ।
ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਰਜਿਸਟਰਾਰ ਨੇ ਇਸ ਕਾਰਵਾਈ ਨੂੰ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਕਾਰਵਾਈ ਜਾਂਚ ਸੰਸਥਾ ਦੁਆਰਾ ਕੀਤੀ ਗਈ ਹੈ। ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।