Moga News: ਕਮਲ ਕੌਰ ਭਾਬੀ ਦੇ ਕਤਲ ਤੇ ਦੀਪਿਕਾ ਲੂਥਰਾ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਘਿਰੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਘਰ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਫਰੀਦਕੋਟ ਲੋਕ ਸਭਾ ਹਲਕਾ ਤੋਂ ਸੰਸਦ ਭਾਈ ਸਰਬਜੀਤ ਸਿੰਘ ਖ਼ਾਲਸਾ ਪੁੱਜੇ। ਜ਼ੀ ਪੰਜਾਬ ਹਰਿਆਣਾ ਹਿਮਾਚਲ ਨਾਲ ਸੰਸਦ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪਿਤਾ ਬਲਜਿੰਦਰ ਸਿੰਘ ਦੀ ਖਾਸ ਗੱਲਬਾਤ ਕੀਤੀ।
ਸੰਸਦ ਸਰਬਜੀਤ ਖਾਲਸ ਨੇ ਕਿਹਾ ਕਿ ਚਾਹੇ ਉਹ ਕੁੜੀ ਮਰ ਗਈ ਪਰ ਜ਼ਿੰਦਗੀ ਤਾਂ ਅੰਮ੍ਰਿਤਪਾਲ ਦੀ ਵੀ ਖਰਾਬ ਹੋਈ ਹੈ, ਖੁਸ਼ੀ ਨਾਲ ਕੋਈ ਨਹੀਂ ਇਹ ਕੁਝ ਕਰਦਾ। ਸਿੱਖ ਪੰਥ ਲਈ ਅੰਮ੍ਰਿਤਪਾਲ ਮਹਿਰੋਂ ਦੀ ਇਹ ਵੱਡੀ ਕੁਰਬਾਨੀ ਹੈ। ਜਿਹੜਾ ਤਾਂ ਸਿੱਖ ਸਮਾਜ ਲਈ ਕੁਝ ਕਰਦਾ ਉਸ ਲਈ ਤਾਂ ਡਿਬਰੂਗੜ੍ਹ ਅਤੇ ਜਿਹੜਾ ਸਿੱਖ ਕੌਮ ਨੂੰ ਪੁੱਠੇ ਰਾਹ ਲੈ ਕੇ ਜਾਂਦਾ ਉਸ ਨੂੰ ਬਾਡੀਗਾਰਡ ਦਿੱਤੇ ਜਾਂਦੇ ਹਨ ਤੇ ਸਰਕਾਰ ਉਸਦੀ ਸ਼ਲਾਘਾ ਵੀ ਕਰਦੀ ਹੈ।
ਇਸ ਤੋਂ ਇਲਾਵਾ ਉਸ ਨੂੰ ਸੁਰੱਖਿਆ ਵੀ ਦਿੱਤੀ ਜਾਂਦੀ ਹੈ। ਸੋਸ਼ਲ ਮੀਡੀਆ ਉਤੇ ਗਲਤ ਕੰਟੈਂਟ ਪਾਉਣ ਵਾਲੇ ਇਨਫਲੂਐਂਸਰਾਂ ਨੂੰ ਸੰਸਦ ਸਰਬਜੀਤ ਸਿੰਘ ਖਾਲਸਾ ਨੇ ਨਸੀਹਤ ਦਿੰਦੇ ਹੋਏ ਕਿਹਾ ਇਹੋ ਜਿਹੇ ਕੰਟੈਂਟ ਪਾਉਣੇ ਬੰਦ ਕਰੋ ਹੈ ਜੇ ਨਹੀਂ ਕਰੋਗੇ ਤਾਂ ਲੋਕਾਂ ਦੇ ਮਨਾਂ ਵਿੱਚ ਰੋਸ ਵਧਦਾ ਜਾਵੇਗਾ। ਅੱਜ ਅੰਮ੍ਰਿਤਪਾਲ ਹੈ ਤੇ ਕੱਲ੍ਹ ਕੋਈ ਹੋਰ ਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਅੱਜ ਹੀ ਵੋਟਿੰਗ ਕਰਵਾ ਲਓ ਤਾਂ 90% ਲੋਕ ਇਹ ਕਹਿਣਗੇ ਕਿ ਜੋ ਅੰਮ੍ਰਿਤਪਾਲ ਮਹਿਰੋਂ ਨੇ ਸਹੀ ਕੀਤਾ ਹੈ। ਇਸ ਤੋਂ ਇਲਾਵਾ ਅੰਮ੍ਰਿਤਪਾਲ ਮਹਿਰੋਂ ਦੇ ਪਿਤਾ ਬਲਜਿੰਦਰ ਸਿੰਘ ਨੇ ਕਿਹਾ ਕਿ ਮੈਨੂੰ 11 ਤਰੀਕ ਨੂੰ ਅੰਮ੍ਰਿਤਪਾਲ ਮਹਿਰੋਂ ਦਾ ਫੋਨ ਆਇਆ ਸੀ ਕਿ ਕੋਈ ਗੱਲਬਾਤ ਹੋ ਗਈ ਹੈ ਪੁਲਿਸ ਘਰ ਆ ਸਕਦੀ ਹੈ ਇਸ ਕਰਕੇ ਤੁਸੀਂ ਸਾਈਡ ਉਤੇ ਹੋ ਜਾਓ।
ਅੰਮ੍ਰਿਤਪਾਲ ਮਹਿਰੋਂ ਆਤਮ ਸਮਰਪਣ ਲਈ ਤਿਆਰ
ਘੁੰਮਣ ਬ੍ਰਦਰ ਐਡਵੋਕੇਟ ਅੰਮ੍ਰਿਤ ਪਾਲ ਸਿੰਘ ਮਹਿਰੋਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਕਤਲ ਇਸ ਕਰਕੇ ਕੀਤਾ ਕਿਉਂਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਅੰਮ੍ਰਿਤਪਾਲ ਸਿੰਘ ਇਸ ਕੇਸ ਵਿੱਚ ਆਪਣੇ ਆਤਮ ਸਮਰਪਣ ਕਰਨ ਲਈ ਤਿਆਰ ਹੈ। ਜੇਕਰ ਜ਼ਰੂਰਤ ਪਈ ਤਾਂ ਇਸ ਮਾਮਲੇ ਵਿੱਚ ਅਗਾਊਂ ਜ਼ਮਾਨਤ ਵੀ ਲਗਾਈ ਜਾਏਗੀ। ਅੰਮ੍ਰਿਤਪਾਲ ਸਿੰਘ ਦੀ ਜਾਨ ਨੂੰ ਖਤਰਾ ਹੋ ਸਕਦਾ ਇਸ ਕਰਕੇ ਪਹਿਲਾਂ ਪੰਜਾਬ ਪੁਲਿਸ ਅਤੇ ਸਰਕਾਰ ਇਸ ਚੀਜ਼ ਦੇ ਲਈ ਹਲਫਨਾਮਾ ਦੇਵੇ ਕਿ ਉਸਦੀ ਜਾਨ ਨੂੰ ਖਤਰਾ ਨਹੀਂ ਹੋਵੇਗਾ ਉਸ ਤੋਂ ਬਾਅਦ ਉਸ ਨੂੰ ਵਿਦੇਸ਼ ਤੋਂ ਬੁਲਾ ਲਿਆ ਜਾਏਗਾ।
ਅੰਮ੍ਰਿਤਪਾਲ ਸਿੰਘ ਦੀ ਐਲਓਸੀ ਰੱਦ ਕਰਵਾਈ ਜਾਏਗੀ ਅਤੇ ਸਿੱਧਾ ਉਸ ਨੂੰ ਕੋਰਟ ਵਿੱਚ ਪੇਸ਼ ਕਰਵਾਉਣ ਲਈ ਅਸੀਂ ਤਿਆਰ ਹਾਂ। ਜਿਹੜੇ ਪੇਜ ਗਲਤ ਚਲਾਏ ਜਾ ਰਹੇ ਨੇ ਜਿਨ੍ਹਾਂ ਉਤੇ ਅਸ਼ਲੀਲਤਾ ਫੈਲਾਈ ਜਾ ਰਹੀ ਹੈ ਉਨ੍ਹਾਂ ਪੇਜਾਂ ਵਾਲਿਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਅਸ਼ਲੀਲ ਪੇਜ ਚਲਾਉਣ ਵਾਲਿਆਂ ਖਿਲਾਫ਼ ਕੋਰਟ ਦਾ ਰੁੱਖ ਕੀਤਾ ਜਾਏਗਾ। ਅੰਮ੍ਰਿਤਪਾਲ ਸਿੰਘ ਨੇ ਬਹੁਤ ਵਾਰ ਸ਼ਿਕਾਇਤ ਕੀਤੀ ਪਰ ਕਿਸੇ ਨੇ ਉਸ ਦੀ ਨਹੀਂ ਸੁਣੀ ਜਿਸ ਤੋਂ ਬਾਅਦ ਉਸ ਨੇ ਕਤਲ ਕੀਤਾ। ਜੇਕਰ ਪ੍ਰਸ਼ਾਸਨ ਨੇ ਸਹੀ ਸਮੇਂ ਉਤੇ ਸੁਣੀ ਹੁੰਦੀ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ।