Zirakpur News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਰਵਜੋਤ ਸਿੰਘ ਦੀਆਂ ਸਖ਼ਤ ਹਦਾਇਤਾਂ ਦੇ ਅਧੀਨ, ਜ਼ੀਰਕਪੁਰ ਨਗਰ ਕੌਂਸਲ ਵੱਲੋਂ ਨਾਜਾਇਜ਼ ਕਬਜ਼ਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਆਰ.5 ਸੜਕ ਤੋਂ ਕਬਜ਼ੇ ਹਟਾਏ ਗਏ। ਇਹ ਕਾਰਵਾਈ ਢਕੋਲੀ ਖੇਤਰ ਦੇ ਪੀਰਮੁਸ਼ੱਲਾ ਰੋਡ 'ਤੇ ਕੀਤੀ ਗਈ, ਜਿੱਥੇ ਬਿਲਡਰਾਂ ਵੱਲੋਂ ਸੜਕ ਕਿਨਾਰੇ ਨਾਜਾਇਜ਼ ਕੰਧਾਂ ਬਣਾਕੇ ਕਈ ਸਾਲਾਂ ਤੋਂ ਕਬਜ਼ਾ ਕੀਤਾ ਹੋਇਆ ਸੀ।
ਉਕਤ ਆਰ.5 ਸੜਕ, ਜੋ ਕਿ ਮਾਸਟਰ ਪਲਾਨ ਅਨੁਸਾਰ 20 ਮੀਟਰ ਚੌੜੀ ਹੋਣੀ ਸੀ, ਉਸ ਨੂੰ ਵਿਧੀਕ ਰੂਪ 'ਚ ਲਿਆਂਦੇ ਹੋਏ ਨਗਰ ਕੌਂਸਲ ਨੇ ਪੀਲਾ ਪੰਜਾ ਚਲਾ ਕੇ ਕਬਜ਼ੇ ਹਟਾਏ। ਇਹ ਮੁੱਦਾ ਕਾਫੀ ਸਮੇਂ ਤੋਂ ਜ਼ੀਰਕਪੁਰ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ, ਕਿਉਂਕਿ ਤੰਗ ਸੜਕਾਂ ਕਰਕੇ ਨਾ ਸਿਰਫ ਆਵਾਜਾਈ ਵਿੱਚ ਦਿੱਕਤ ਆ ਰਹੀ ਸੀ, ਸਗੋਂ ਜਲ ਨਿਕਾਸੀ ਦੀ ਸਮੱਸਿਆ ਵੀ ਪੈਦਾ ਹੋ ਰਹੀ ਸੀ।
ਇਸ ਮੌਕੇ ਜ਼ੀਰਕਪੁਰ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਬਜ਼ੇ ਹਟਾਉਣ ਨਾਲ ਨਾ ਸਿਰਫ ਆਵਾਜਾਈ ਸੁਚਾਰੂ ਹੋਵੇਗੀ, ਸਗੋਂ ਇਲਾਕੇ ਵਾਸੀਆਂ ਨੂੰ ਸੁਰੱਖਿਆ ਅਤੇ ਸੁਵਿਧਾਵਾਂ ਵੀ ਬਿਹਤਰ ਮਿਲਣਗੀਆਂ।
ਇਸ ਕਾਰਵਾਈ ਦੀ ਸਥਾਨਕ ਨਿਵਾਸੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਨੂੰ ਆਸ ਹੈ ਕਿ ਅਜਿਹੇ ਹੀ ਤਰੀਕੇ ਨਾਲ ਹੋਰ ਨਾਜਾਇਜ਼ ਕਬਜ਼ਿਆਂ ਖਿਲਾਫ ਵੀ ਸਖ਼ਤ ਕਦਮ ਚੁੱਕੇ ਜਾਣਗੇ।