Nangal News(ਬਿਮਲ ਸ਼ਰਮਾ): ਅੱਜ ਨੰਗਲ ਟਰੱਕ ਯੂਨੀਅਨ ਵਿੱਚ ਪ੍ਰਧਾਨ ਰੋਹਿਤ ਕਾਲੀਆ ਦੇ ਕੰਮ ਤੋਂ ਨਾ ਖੁਸ਼ ਹੋ ਕੇ ਟਰੱਕ ਆਪਰੇਟਰਾਂ ਨੇ ਆਪਣਾ ਨਵਾਂ ਪ੍ਰਧਾਨ ਨਿਯੁਕਤ ਕੀਤਾ। ਟਰੱਕ ਆਪਰੇਟਰਾਂ ਦਾ ਦੋਸ਼ ਹੈ ਕਿ ਪ੍ਰਧਾਨ ਉਨ੍ਹਾਂ ਦੀ ਕਿਸੇ ਗੱਲ ਤੇ ਗੌਰ ਨਹੀਂ ਕਰਦਾ ਸੀ ਅਤੇ ਨਾ ਹੀ ਫੈਕਟਰੀਆਂ ਤੋਂ ਉਨ੍ਹਾਂ ਨੂੰ ਕੋਈ ਕੰਮ ਮਿਲ ਰਿਹਾ ਸੀ ਜਿਸ ਕਰਕੇ ਉਨ੍ਹਾਂ ਨੇ ਸਰਬ ਸੰਮਤੀ ਨਾਲ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਹੈ । ਜਦ ਕਿ ਪ੍ਰਧਾਨ ਰੋਹਿਤ ਕਾਲੀਆ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਹਾਲੇ ਕੋਈ ਰਿਜਇਨ ਨਹੀਂ ਦਿੱਤਾ। ਇਸ ਬਾਰੇ ਗੱਲਬਾਤ ਕਰਦੇ ਹੋਏ ਪ੍ਰਧਾਨਗੀ ਤੋਂ ਉਤਾਰੇ ਗਏ ਰੋਹਿਤ ਕਾਲੀਆ ਦਾ ਕਹਿਣਾ ਹੈ ਕਿ ਕਿਸੇ ਸੀਏ ਤੋਂ ਜਾਂਚ ਕਰਵਾ ਲਓ ਜੇਕਰ ਮੈਂ ਇੱਕ ਵੀ ਪੈਸਾ ਯੂਨੀਅਨ ਦਾ ਖਾਧਾ ਹੋਵੇ ਅਤੇ ਟਰੱਕਾਂ ਨੂੰ ਕੰਮ ਮਿਲੇ ਇਸਦੇ ਲਈ ਉਨ੍ਹਾਂ ਨੇ ਬਹੁਤ ਕੰਮ ਕੀਤਾ।
ਮਾਮਲਾ ਪੀ ਏ ਸੀ ਐਲ ਕੰਪਨੀ ਵੱਲੋਂ ਨੰਗਲ ਟਰੱਕ ਯੂਨੀਅਨ ਨੂੰ ਘੱਟ ਕੰਮ ਦੇਣ ਦਾ ਹੈ। ਟਰੱਕ ਯੂਨੀਅਨ ਨੰਗਲ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਕੰਪਨੀ ਨੇ ਆਪਣੇ ਘੋੜੇ ਪਾ ਲਏ ਹਨ ਜਦ ਕਿ ਸਾਨੂੰ ਕੰਮ ਘੱਟ ਮਿਲ ਰਿਹਾ ਹੈ। ਫੈਕਟਰੀ ਦੇ ਗੰਦੇ ਪਾਣੀ ਨਾਲ ਸਾਡੀਆਂ ਜਮੀਨਾਂ ਖਰਾਬ ਹੋ ਰਹੀਆਂ ਹਨ ਅਤੇ ਸਾਡਾ ਪੀਣ ਵਾਲਾ ਪਾਣੀ ਦੂਸ਼ਿਤ ਹੋ ਰਿਹਾ ਹੈ ਤੇ ਸਾਨੂੰ ਕੰਮ ਵੀ ਨਹੀਂ ਮਿਲ ਰਿਹਾ ਹੈ। ਇਸ ਤਰ੍ਹਾਂ ਦੇ ਦੋਸ਼ ਲਾਉਂਦਿਆਂ ਟਰੱਕ ਯੂਨੀਅਨ ਦੇ ਮੈਂਬਰਾਂ ਨੇ ਪੁਰਾਣੇ ਪ੍ਰਧਾਨ ਨੂੰ ਲਾਹ ਕੇ ਨਵੇਂ ਪ੍ਰਧਾਨ ਦੇ ਹਾਰ ਪਾ ਕੇ ਉਸ ਨੂੰ ਕੁਰਸੀ ਤੇ ਬਿਠਾ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪੁਰਾਣਾ ਪ੍ਰਧਾਨ ਸਾਡੀ ਗੱਲ ਨਹੀਂ ਸੁਣਦਾ ਸੀ ਤੇ ਨਾ ਹੀ ਸਾਡੀ ਇਸ ਮਸਲੇ ਦਾ ਹੱਲ ਕਰਵਾਉਂਦਾ ਸੀ।
ਪ੍ਰਧਾਨਗੀ ਅਹੁਦੇ ਤੋਂ ਲਾਹੇ ਗਏ ਰੋਹਿਤ ਕਾਲੀਆਂ ਨੇ ਪੱਤਰਕਾਰਾਂ ਸਾਹਮਣੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਜੇਕਰ ਉਸਨੇ ਯੂਨੀਅਨ ਦਾ ਇੱਕ ਵੀ ਪੈਸਾ ਖਾਧਾ ਹੋਵੇ ਉਹ ਜਿਸ ਮਰਜ਼ੀ ਸੀ ਏ ਤੋਂ ਜਾਂਚ ਕਰਵਾ ਲੈਣ । ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰ ਕਹਿ ਰਹੇ ਹਨ ਕਿ ਉਹ ਪੀ ਏ ਸੀ ਐਲ ਫੈਕਟਰੀ ਨਾਲ ਮਿਲੇ ਹੋਏ ਹਨ, ਇਸ ਤਰ੍ਹਾਂ ਦਾ ਕੁਝ ਵੀ ਨਹੀਂ । ਅੱਜ ਸਿਰਫ ਇਹ ਗੱਲ ਹੋਈ ਕਿ ਅੱਜ ਪੀ ਏ ਸੀ ਐਲ ਫੈਕਟਰੀ ਨਾਲ ਕੰਮ ਨੂੰ ਲੈ ਕੇ ਯੂਨੀਅਨ ਵੱਲੋਂ ਦੁਪਹਿਰ 12 ਵਜੇ ਇੱਕ ਮੀਟਿੰਗ ਰੱਖੀ ਗਈ। ਜਿਸ ਵਿੱਚ ਪ੍ਰਧਾਨ ਅਤੇ ਮੈਂਬਰਾਂ ਨੇ ਪੀ ਏ ਸੀ ਐਲ ਨਾਲ ਟਰੱਕ ਆਪਰੇਟਰਾਂ ਨੂੰ ਕੰਮ ਮਿਲੇ ਇਸ ਲਈ ਮੀਟਿੰਗ ਕਰਨੀ ਸੀ। ਮਗਰ ਐਸਐਸਪੀ ਰੋਪੜ ਦਾ ਮੈਨੂੰ ਫੋਨ ਆਇਆ ਕਿ ਅਸੀਂ ਤੁਹਾਡੀ ਮੀਟਿੰਗ ਵਿੱਚ ਸ਼ਾਮਿਲ ਹੋਣਾ ਹੈ ਕਿਉਂਕਿ ਪਿਛਲੀ ਮੀਟਿੰਗ ਵਿੱਚ ਮੈਂਬਰਾਂ ਨੇ ਦੋਸ਼ ਲਾਇਆ ਸੀ ਕਿ ਫੈਕਟਰੀ ਪ੍ਰਬੰਧਨ ਨੇ ਉਨ੍ਹਾਂ ਨਾਲ ਗਾਲੀ ਗਲੋਚ ਕੀਤਾ ਸੀ। ਇਸ ਲਈ ਅਸੀਂ ਇਸ ਮੀਟਿੰਗ ਦਾ ਹਿੱਸਾ ਬਣਨਾ ਹੈ।
ਮਗਰ ਅੱਜ ਡੀਜੀਪੀ ਸਾਹਿਬ ਨੇ ਇੱਕ ਮੀਟਿੰਗ ਰੱਖੀ ਹੈ, ਜਿਸ ਵਿੱਚ ਅਸੀ ਸ਼ਾਮਿਲ ਹੋਣਾ ਹੈ ਦੁਪਹਿਰ 2 ਵਜੇ ਤੱਕ ਅਸੀਂ ਫਰੀ ਹੋ ਜਾਵਾਂਗੇ ਅਤੇ ਤੁਸੀਂ ਆਪਣੀ ਮੀਟਿੰਗ ਦਾ ਸਮਾਂ ਸ਼ਾਮ 4 ਵਜੇ ਦਾ ਰੱਖ ਲਓ। ਇਸ ਗੱਲ ਦਾ ਇਸ਼ੂ ਬਣਾ ਲਿਆ ਗਿਆ ਕਿ ਮੈਂ ਫੈਕਟਰੀ ਨਾਲ ਮਿਲ ਗਿਆ ਹਾਂ ਕੁਝ ਟਰੱਕ ਆਪਰੇਟਰਾਂ ਨੇ ਕਿਹਾ ਕਿ ਇਹ ਯੂਨੀਅਨ ਦੇ ਖਿਲਾਫ ਹੋ ਗਿਆ ਹੈ। ਮੈਂ ਯੂਨੀਅਨ ਦੇ ਲਈ ਕੰਮ ਕੀਤਾ ਹੈ ਕਿ ਸਾਡੇ ਟਰੱਕ ਆਪਰੇਟਰਾਂ ਨੂੰ ਕੰਮ ਮਿਲੇ। ਧਰਨੇ ਲਗਾਉਣ ਨਾਲ ਕੁਝ ਨਹੀਂ ਹੋਣਾ ਧਰਨੇ ਨਾਲ ਸਾਡਾ ਨੁਕਸਾਨ ਹੀ ਹੁੰਦਾ ਹੈ। ਅਗਰ ਯੂਨੀਅਨ ਮੈਂਬਰ ਧਰਨੇ ਲਗਾਉਣਾ ਚਾਹੁੰਦੇ ਹਨ ਤਾਂ ਮੈਂ ਉਨ੍ਹਾਂ ਦੇ ਨਾਲ ਮੈਂਬਰ ਬਣ ਕੇ ਬੈਠਾਂਗਾ ਅਗਰ ਇਹ ਮੇਰੇ ਕੰਮ ਤੋਂ ਸੰਤੁਸ਼ਟ ਨਹੀਂ ਹਨ ਤਾਂ ਕੋਈ ਨਹੀਂ ਮੈਂ ਮੈਂਬਰ ਬਣ ਕੇ ਹੀ ਯੂਨੀਅਨ ਵਿੱਚ ਕੰਮ ਕਰਾਂਗਾ।