Hola Mohalla (ਬਿਮਲ ਸ਼ਰਮਾ): ਅੱਜ ਖਾਲਸਾਈ ਸ਼ਾਨੋ-ਸ਼ੌਕਤ ਦੇ ਪ੍ਰਤੀਕ ਹੋਲੇ-ਮਹੱਲੇ ਦਾ ਆਖਰੀ ਦਿਨ ਸੀ ਤੇ ਇਹ ਤਿਉਹਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤ ਸ਼ਾਮਲ ਹੋਈ। ਅੱਜ ਬਾਅਦ ਦੁਪਹਿਰ ਮਹੱਲਾ ਨਗਰ ਕੀਰਤਨ ਦੇ ਰੂਪ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰ ਕੇ ਕੱਢਿਆ ਗਿਆ, ਜਿਸ ਵਿਚ ਨਿਹੰਗ ਸਿੰਘ ਪੁਰਾਤਨ ਬਾਣੇ 'ਚ ਇਸ ਨਗਰ ਕੀਰਤਨ ਵਿਚ ਸ਼ਾਮਲ ਹੋਏ। ਪੂਰਾ ਅਨੰਦਪੁਰ ਸਾਹਿਬ ਜੈਕਾਰਿਆਂ ਨਾਲ ਗੂੰਜ ਉੱਠਿਆ।
ਅੱਜ ਤੀਸਰੇ ਦਿਨ ਖਾਲਸਾ ਪੰਥ ਦੇ ਜਨਮ ਸਥਾਨ ਤੇ ਬਾਅਦ ਦੁਪਹਿਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਹੀ ਵਿਚ ਸੰਗਤਾਂ ਦਾ ਅਲੋਕਿਕ ਠਾਠਾਂ ਮਾਰਦਾ ਇੱਕਠ ਨਗਰ ਕੀਰਤਨ ਦੇ ਰੂਪ ਵਿਚ ਕਿਲਾ ਆਨੰਦਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਪੂਰੇ ਸ਼ਹਿਰ ਤੋਂ ਗੁਜ਼ਰਦਾ ਹੋਇਆ ਚਰਨ ਗੰਗਾ ਸਟੇਡੀਅਮ ਵਿਖੇ ਸਮਾਪਤ ਹੋਇਆ। ਬੁੱਢਾ ਦਲ ਦੇ ਮੁਖੀ ਬਲਬੀਰ ਸਿੰਘ , ਤਰਨਾ ਦਲ , ਬਿਧੀ ਚੰਦੀਏ , ਤੇ ਹੋਰ ਨਿਹੰਗ ਸਿੰਘ ਜੱਥੇਬੰਦੀਆਂ ਵਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਵਲੋਂ ਚਲਾਈ ਗਈ ਪ੍ਰਥਾ ਅਨੁਸਾਰ ਨਿਹੰਗ ਸਿੰਘਾਂ ਵਲੋਂ ਗੱਤਕਾ, ਘੋੜ ਸਵਾਰੀ, ਨੇਜਾਬਾਜ਼ੀ ਅਤੇ ਹੋਰ ਮਾਰਸ਼ਲ ਆਰਟ ਦੇ ਜੋਹਰ ਦਿਖਾਏ ਗਏ।
ਅੱਜ ਸਵੇਰ ਤੋਂ ਹੀ ਸੰਗਤ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀ ਸੀ। ਕਰੀਬ 45 ਤੋਂ 50 ਲੱਖ ਦੇ ਕਰੀਬ ਸੰਗਤ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਸ਼ਰਧਾਲੂਆਂ ਦੀ ਸਹੂਲਤ ਲਈ ਕਰੀਬ 4000 ਦੇ ਕਰੀਬ ਪੁਲਿਸ ਬਲ ਤੈਨਾਤ ਕੀਤਾ ਗਏ ਸੀ ਅਤੇ 100 ਤੋਂ ਵੱਧ ਸੀਸੀਟੀਵੀ ਕੈਮਰੇ 400 ਦੇ ਕਰੀਬ ਲੰਗਰ ਲਗਾਏ ਗਏ ਸਨ। ਮਹੱਲਾ ਚਰਨ ਗੰਗਾ ਸਟੇਡੀਅਮ ਪਹੁੰਚਣ ਤੋਂ ਬਾਅਦ ਪੂਰਾ ਕੇਸਰੀ ਤੇ ਨੀਲੇ ਬਾਣੇ ਦੇ ਵਿੱਚ ਰੰਗਿਆ ਹੋਇਆ ਇੱਕ ਅਲੋਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ । ਇੱਥੇ ਪਹੁੰਚ ਕੇ ਨਿਹੰਗਾ ਸਿੰਘਾਂ ਨੇ ਮਾਰਸ਼ਲ ਆਰਟ , ਗੱਤਕੇ, ਘੋੜ ਸਵਾਰੀ ਅਤੇ ਹੋਰ ਕਈ ਜੰਗਜੂ ਕਰਤੱਵ ਦਿਖਾਏ ।
ਹੋਲੇ ਮਹੱਲੇ ਦਾ ਤਿਉਹਾਰ ਸਿੱਖ ਜਗਤ ਵਿੱਚ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ। ਖਾਲਸਾ ਪੰਥ ਵਿਚ ਵੀਰ ਰਸ ਭਰਨ ਵਾਸਤੇ ਸਿੱਖਾਂ ਦੇ ਦਸਵੇ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1756 ਦੀ ਵਿਸਾਖ ਦੇ ਮੌਕੇ ਪੰਜ ਪਿਆਰਿਆਂ ਦੀ ਚੋਣ ਕਰਕੇ ਅੰਮ੍ਰਿਤ ਦੀ ਬਖਸ਼ਿਸ਼ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਖਾਲਸੇ ਵਿੱਚ ਵੀਰ ਰਸ ਭਰਨ ਵਾਸਤੇ ਹੋਲੇ ਮਹੱਲੇ ਦੇ ਮੋਕੇ ਘੋੜ ਸਵਾਰੀ, ਗੱਤਕਾ, ਨੇਜੇਬਾਜ਼ੀ, ਤੀਰ ਅੰਦਾਜੀ ਤੇ ਹੋਰ ਸ਼ਸ਼ਤਰਾਂ ਦਾ ਅਭਿਆਸ ਕਰਵਾਇਆ ਜਾਂਦਾ ਸੀ। ਦਸਮ ਪਾਤਸਾਹ ਦੀ ਚਲਾਈ ਹੋਈ ਰੀਤ ਮੁਤਾਬਿਕ ਧਰਮ ਅਤੇ ਦੇਸ਼ ਦੀ ਰੱਖਿਆ ਅਤੇ ਵੀਰਤਾ ਨੂੰ ਕਾਇਮ ਰੱਖਣ ਲਈ ਅੱਜ ਵੀ ਹੋਲਾ ਮਹੱਲਾ ਮਨਾਇਆ ਜਾਂਦਾ ਹੈ।
ਇਸ ਤਿਉਹਾਰ ਵਿੱਚ ਮਨਸੂਈ ਯੁੱਧ ਲੜਿਆ ਜਾਂਦਾ ਸੀ ਘੋੜ ਸਵਾਰ ਤੇ ਪੈਦਲ ਸ਼ਸ਼ਤਰ ਧਾਰੀ ਸਿੱਖਾਂ ਨੂੰ ਦੋ ਦਲਾਂ ਵਿਚ ਵੰਡ ਕੇ ਆਪਸੀ ਯੁੱਧ ਕਰਵਾਇਆ ਜਾਂਦਾ ਸੀ। ਇਕ ਦਲ ਕਿਸੇ ਖਾਸ ਸਥਾਨ ਤੇ ਯੁਧ ਕਰਕੇ ਕਬਜਾ ਕਰ ਲੈਂਦਾ ਤੇ ਦੂਜਾ ਦਲ ਪਹਿਲੇ ਦਲ ਪਾਸੋਂ ਓਹ ਸਥਾਨ ਛੂਡਾ ਕੇ ਆਪ ਕਾਬਿਜ ਹੋਣ ਲਈ ਮਨਸੂਈ ਲੜਾਈ ਲੜਦਾ ਸੀ। ਇਸ ਪ੍ਕਾਰ ਜਿਹੜਾ ਦਲ ਫ਼ਤੇਹ ਕਰ ਲੇਂਦਾ , ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਸਜੇ ਮੈਦਾਨ ਵਿਚ ਆਪਣੇ ਹੱਥੀ ਸਿਰੋਪਾਓ ਦੀ ਬਖਸ਼ਿਸ਼ ਕਰਦੇ। ਇਸ ਉਪਰੰਤ ਦੀਵਾਨ ਵਿਚ ਢਾਢੀ ਅਤੇ ਕਵੀਸ਼ਰ ਵੀਰ ਰਸੀ ਵਾਰਾਂ ਗਾ ਕੇ ਸਰੋਤਿਆਂ ਦੇ ਮਨੋਬਲਾਂ ਨੂੰ ਨਰੋਆ ਅਤੇ ਤਗੜਾ ਕਰਦੇ ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਨੂੰ ਯੁਧ ਲੜਨ ਦਾ ਅਭਿਆਸ ਕਰਵਾਉਣ ਲਈ ਮੋਕਾ ਪ੍ਰਦਾਨ ਕਰਕੇ ਆਪ ਓਹਨਾ ਦੀ ਅਗਵਾਹੀ ਕਰਦੇ ਅਤੇ ਜਨਸਧਾਰਨ ਵਿਚ ਜੁਲਮ ਅਤੇ ਜਬਰ ਵਿਰੁੱਧ ਜੂਝਣ ਲਈ ਉਤਸ਼ਾਹ ਅਤੇ ਕੁਰਬਾਨੀ ਦਾ ਜ਼ਜਬਾ ਉਭਾਰਦੇ।