Operation Blue Star: ਘੱਲੂਘਾਰਾ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਦਿੱਤਾ। ਸੰਦੇਸ਼ ਵਿਚ ਜਥੇਦਾਰ ਨੇ ਕਿਹਾ ਕਿ ਅੱਜ ਅਸੀਂ ਜੂਨ 1984 ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਿੰਦੋਸਤਾਨ ਦੀ ਕਾਂਗਰਸ ਹਕੂਮਤ ਵਲੋਂ ਕੀਤੇ ਗਏ ਫੌਜੀ ਹਮਲੇ ਦੀ 40ਵੀਂ ਸਾਲਾਨਾ ਯਾਦ ਨੂੰ ਸਮਰਪਿਤ ਅਰਦਾਸ ਸਮਾਗਮ ਵਿਚ ਇਕੱਤਰ ਹੋਏ ਹਾਂ।
ਖਾਲਸਾ ਜੀ! ਸਾਡੀ ਮਹਾਨ ਵਿਰਾਸਤ ਦੱਰਾ-ਏ-ਖੈਬਰ ਤੋਂ ਲੈ ਕੇ ਕਸ਼ਮੀਰ, ਲੱਦਾਖ ਤੇ ਚੀਨ ਤੱਕ ਵਿਸ਼ਾਲ ਖਾਲਸਾ ਰਾਜ-ਭਾਗ ਵਾਲੀ ਰਹੀ ਹੈ, ਜਿਸ ਦਾ ਆਪਣਾ ਖਾਲਸਈ ਵਿਧਾਨ, ਆਪਣਾ ਨਿਸ਼ਾਨ, ਆਪਣੀ ਕਰੰਸੀ, ਆਪਣਾ ਕਾਨੂੰਨ ਅਤੇ ਸਰਬੱਤ ਦੇ ਭਲੇ ਵਾਲਾ ਰਾਜ ਸ਼ਾਸਨ ਸੀ, ਜਿਹੜਾ ਅੱਜ ਵੀ ਦੁਨੀਆ ਦੀਆਂ ਰਾਜ ਪ੍ਰਣਾਲੀਆਂ ਲਈ ਚਾਨਣ ਮੁਨਾਰਾ ਹੈ। ਹਿੰਦੋਸਤਾਨ ਨੂੰ ਜਦੋਂ ਅੰਗਰੇਜ਼ਾਂ ਨੇ ਗੁਲਾਮ ਬਣਾਉਣਾ ਸ਼ੁਰੂ ਕੀਤਾ ਤਾਂ ਸਿੱਖਾਂ ਨੇ ਇਕ ਸੌ ਸਾਲ ਤੱਕ ਉਨ੍ਹਾਂ ਨੂੰ ਪੰਜਾਬ ਵਿਚ ਵੜਣ ਨਹੀਂ ਦਿੱਤਾ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਗੱਦਾਰਾਂ ਦੇ ਕਾਰਨ ਜਦੋਂ ਸਿੱਖ ਰਾਜ ਗਿਆ ਤਾਂ ਅੰਗਰੇਜ਼ਾਂ ਨੇ ਪੰਜਾਬ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ। ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਵੀ ਸਿੱਖਾਂ ਨੇ ਸਿਰਫ ਦੋ ਫੀਸਦੀ ਤੋਂ ਵੀ ਘੱਟ ਆਬਾਦੀ ਹੋਣ ਦੇ ਬਾਵਜੂਦ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਇਸੇ ਕਾਰਨ ਹਿੰਦੋਸਤਾਨ ਦੇ ਸਿਆਸੀ ਆਗੂ ਆਜ਼ਾਦੀ ਦੀ ਲੜਾਈ ਦੌਰਾਨ ਵਾਰ-ਵਾਰ ਸਿੱਖਾਂ ਨਾਲ ਵਾਅਦੇ ਕਰਦੇ ਰਹੇ ਕਿ ਆਜ਼ਾਦੀ ਮਿਲਣ ਉਪਰੰਤ ਉੱਤਰੀ ਭਾਰਤ ਵਿਚ ਉਨ੍ਹਾਂ ਨੂੰ ਅਜਿਹਾ ਖੁਦਮੁਖਤਿਆਰ ਖਿੱਤਾ ਦਿਤਾ ਜਾਵੇਗਾ, ਜਿੱਥੇ ਸਿੱਖ ਵੀ ਆਪਣੇ ਰਾਜ-ਭਾਗ ਦੀ ਮਹਾਨ ਵਿਰਾਸਤ ਨੂੰ ਮਾਣਦਿਆਂ ਆਜ਼ਾਦੀ ਦਾ ਨਿੱਘ ਮਾਣ ਸਕਣਗੇ।
ਖ਼ਾਲਸਾ ਜੀ! ਜੂਨ 1984 ਦਾ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਫ਼ੌਜੀ ਹਮਲਾ ਸਿੱਖ ਕੌਮ ਲਈ ਤੀਜਾ ਘੱਲੂਘਾਰਾ ਹੋ ਨਿੱਬੜਿਆ, ਜਿਸ ਦਾ ਦਰਦ, ਜਿਸ ਦੇ ਜ਼ਖ਼ਮ ਸਿੱਖ ਅਵਚੇਤਨ ਵਿਚੋਂ ਕਦੇ ਵੀ ਮਨਫੀ ਨਹੀਂ ਹੋ ਸਕਣਗੇ, ਕਿਉਂਕਿ ਵੱਡੇ ਤੇ ਛੋਟੇ ਘੱਲੂਘਾਰਿਆਂ ਦੇ ਵਿਦੇਸ਼ੀ ਮੁਗਲ ਤੇ ਅਫਗਾਨ ਹਮਲਾਵਰਾਂ ਦੇ ਉਲਟ 1984 ਦਾ ਘੱਲੂਘਾਰਾ ਉਸ ਆਜ਼ਾਦ ਹਿੰਦੋਸਤਾਨ ਦੀ ਹਕੂਮਤ ਨੇ ਵਰਤਾਰਿਆ ਹੈ, ਜਿਸ ਨੂੰ ਆਜ਼ਾਦ ਕਰਵਾਉਣ ਵਿਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਹਨ।
ਆਓ! ਮਿਲ-ਬੈਠ ਕੇ ਸਿੱਖ ਕੌਮ ਦੇ ਮੌਜੂਦਾ ਸੰਕਟਾਂ ਦੀ ਨਿਸ਼ਾਨਦੇਹੀ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ-ਕਲਿਆਣਕਾਰੀ ਫ਼ਲਸਫ਼ੇ 'ਤੇ ਆਧਾਰਿਤ ਕੌਮੀ ਏਜੰਡਾ ਤੈਅ ਕਰਨ ਲਈ ਮਾਹੌਲ ਸਿਰਜੀਏ ਅਤੇ ਸਿੱਖਾਂ ਦੀ ਕਰਮ ਅਤੇ ਜਨਮ ਭੂਮੀ ਪੰਜਾਬ ਦੀ ਜੀਵਨ-ਜਾਚ ਵਿਚੋਂ ਗੁਆਚ ਰਹੀਆਂ ਨਰੋਈਆਂ ਸੱਭਿਅਕ ਕਦਰਾਂ-ਕੀਮਤਾਂ, ਵਾਤਾਵਰਨ, ਸਿਹਤ ਅਤੇ ਸਿੱਖਿਆ ਦੇ ਗੰਭੀਰ ਸੰਕਟ, ਅਧਰਮ ਤੇ ਪਾਖੰਡਵਾਦ ਦਾ ਬੋਲਬਾਲਾ, ਮਾਂ-ਬੋਲੀ ਤੋਂ ਬੇਮੁਖਤਾਈ, ਸਰੀਰਕ ਰਿਸ਼ਟ-ਪੁਸ਼ਟਤਾ ਤੋਂ ਬੇਧਿਆਨੀ, ਗੁਆਚ ਰਹੇ ਕਿਰਤ ਸੱਭਿਆਚਾਰ ਅਤੇ ਧਰਮ ਦੀਆਂ ਸੱਚੀਆਂ ਕਦਰਾਂ-ਕੀਮਤਾਂ ਤੋਂ ਟੁੱਟੀ ਰਾਜਨੀਤੀ ਨੂੰ ਨਰੋਈ ਦਿਸ਼ਾ ਦੇਣ ਲਈ ਸਮੂਹਿਕ ਯਤਨਾਂ ਵੱਲ ਵਧੀਏ।
ਇਹ ਸਾਰੇ ਯਤਨ ਤਾਂ ਹੀ ਸਫਲ ਹੋਣਗੇ ਅਤੇ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਪ੍ਰਤੀ ਸਾਡੀ ਸੱਚੀ ਸ਼ਰਧਾ ਤਾਂ ਹੀ ਅਰਪਣ ਹੋਵੇਗੀ ਜੇਕਰ ਅਸੀਂ ਪੁਰਾਤਨ ਗੁਰਸਿੱਖਾਂ ਵਰਗਾ ਤਿਆਗ, ਸਮਰਪਣ, ਕੁਰਬਾਨੀ ਅਤੇ ਦ੍ਰਿੜ੍ਹਤਾ ਹਾਸਲ ਕਰਨ ਵਾਸਤੇ ਬਾਣੀ-ਬਾਣੇ ਵਿਚ ਪ੍ਰਪੱਕ ਹੋ ਕੇ ਉੱਚੇ ਵਿਵੇਕੀ ਕਿਰਦਾਰ ਦੇ ਧਾਰਨੀ ਬਣਾਂਗੇ। ਆਓ! ਨਸ਼ਿਆਂ ਦਾ ਤਿਆਗ ਕਰਕੇ, ਪੰਜ ਕਕਾਰੀ ਰਹਿਤ ਵਿਚ ਅੰਮ੍ਰਿਤਧਾਰੀ ਹੋ ਕੇ ਆਪਣੇ ਗੁਰੂ-ਸਿਧਾਂਤਾਂ ਉੱਤੇ ਡੱਟ ਕੇ ਪਹਿਰਾ ਦੇਈਏ ਅਤੇ ਹਕੂਮਤਾਂ ਵਲੋ ਸਿੱਖ ਕੌਮ ਦੀਆਂ ਅਗਲੀਆਂ ਨਸਲਾਂ ਨੂੰ ਪਤਿਤਪੁਣੇ ਅਤੇ ਨਸ਼ਿਆਂ ਵਿਚ ਗਲਤਾਨ ਕਰਨ ਦੀਆਂ ਸਾਜ਼ਿਸ਼ਾਂ ਦਾ ਮੂੰਹ ਮੋੜੀਏ।
ਨੌਜਵਾਨਾਂ ਨੇ ਲਗਾਏ ਖਾਲਿਸਤਾਨ ਦੇ ਨਾਅਰੇ
ਜਿਉਂ ਹੀ ਘੱਲੂਘਾਰਾ ਸਮਾਗਮ ਦੀ ਸਮਾਪਤੀ ਜਥੇਦਾਰ ਦੇ ਕੌਮ ਦੇ ਨਾਂ ਸੰਦੇਸ਼ ਨਾਲ ਹੋਈ ਤਾਂ ਉਥੇ ਸਮਾਗਮ ਵਿਚ ਸ਼ਮੂਲੀਅਤ ਕਰਨ ਪਹੁੰਚੇ ਸਿੱਖ ਨੌਜੁਆਨਾਂ ਨੇ ਖਾਲਿਸਤਾਨ ਦੇ ਨਾਅਰੇ ਲਗਾਣੇ ਸ਼ੁਰੂ ਕਰ ਦਿੱਤਾ। ਵੱਖ-ਵੱਖ ਲਿਖਤਾਂ ਦੀਆਂ ਤਖਤੀਆਂ ਵੀ ਨੌਜੁਆਨਾਂ ਵੱਲੋਂ ਲਹਿਰਾਈਆਂ ਗਈਆਂ।