Nangal Flyover: ਉਮੀਦ ਕੀਤੀ ਜਾ ਰਹੀ ਹੈ ਕਿ ਨਿਰਮਾਣ ਅਧੀਨ ਨੰਗਲ ਫਲਾਈਓਵਰ ਦਾ ਦੂਜਾ ਪਾਸਾ ਵੀ ਜਲਦੀ ਹੀ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਨੰਗਲ ਫਲਾਈਓਵਰ ਦੀ ਇੱਕ ਸਲੈਬ ਵਿਛਾਉਣ ਲਈ ਸਟੀਲ ਦੇ ਬਣੇ ਗਾਰਡਰ ਵਿਛਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਪੰਜ ਗਾਰਡਰਾਂ ਵਿੱਚੋਂ ਦੋ ਸਟੀਲ ਗਾਰਡਰ ਪਾ ਦਿੱਤੇ ਗਏ ਹਨ। ਅਧਿਕਾਰੀਆਂ ਮੁਤਾਬਕ ਰੇਲਵੇ ਵੱਲੋਂ ਦੋ ਘੰਟੇ ਦੀ ਮਨਜ਼ੂਰੀ ਲਈ ਗਈ ਸੀ, ਜਿਸ ਦੌਰਾਨ ਰੇਲਵੇ ਸੇਵਾ ਠੱਪ ਰਹੀ ਤੇ ਅਗਲੀ ਮਨਜ਼ੂਰੀ ਜਦੋਂ ਮਿਲੇਗੀ ਬਾਕੀ ਰਹਿੰਦੇ ਤਿੰਨ ਗਾਰਡਰ ਵੀ ਪਾ ਦਿੱਤੇ ਜਾਣਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸੰਦੀਪ ਕੁਮਾਰ ਨੇ ਦੱਸਿਆ ਕਿ ਅੱਜ ਰੇਲਵੇ ਵਿਭਾਗ ਤੋਂ ਮਨਜ਼ੂਰੀ ਲਈ ਗਈ ਸੀ ਤੇ ਇਸ ਦੌਰਾਨ ਰੇਲਵੇ ਨੇ ਬਿਜਲੀ ਸਪਲਾਈ ਬੰਦ ਰੱਖੀ ਅਤੇ ਰੇਲ ਗੱਡੀਆਂ ਦੀ ਆਵਾਜਾਈ ਵੀ ਰੋਕ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਟੀਲ ਦੇ ਪੰਜ ਗਾਰਡਰ ਪਾਏ ਜਾਣੇ ਹਨ। ਦੋ ਪਾ ਦਿੱਤੇ ਗਏ ਹਨ ਤੇ ਜਿਵੇਂ ਹੀ ਪੰਜ ਲਗਾਏ ਜਾਣਗੇ, ਸ਼ਟਰਿੰਗ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਜਨਵਰੀ ਦੇ ਆਸ-ਪਾਸ ਪਹਿਲੇ ਫਲਾਈਓਵਰ ਦਾ ਕੰਮ ਮੁਕੰਮਲ ਹੋ ਜਾਵੇਗਾ ਅਤੇ ਇਸ ਤੋਂ ਬਾਅਦ ਟੈਸਟਿੰਗ ਪਾਸ ਹੁੰਦੇ ਹੀ ਇਸਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।
ਕਾਬਿਲੇਗੌਰ ਹੈ ਕਿ ਸਤੰਬਰ ਮਹੀਨੇ ਵਿੱਚ ਇਸ ਫਲਾਈਓਵਰ ਦਾ ਇੱਕ ਪਾਸਾ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਸੀ ਜਦੋਂ ਘੰਟਿਆ ਬੱਧੀ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਜੂਝਣ ਵਾਲੇ ਪੰਜਾਬ-ਹਿਮਾਚਲ ਪ੍ਰਦੇਸ਼ ਦੇ ਰਾਹਗੀਰਾਂ ਨੂੰ ਰੇਲਵੇ ਫਲਾਈਓਵਰ ਰਾਹੀ ਸੁਚਾਰੂ ਆਵਾਜਾਈ ਦੀ ਸਹੂਲਤ ਮਿਲ ਗਈ ਸੀ। ਧਾਰਮਿਕ ਰਸਮਾਂ ਉਪਰੰਤ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਖੁੱਦ ਦੋ ਪਹੀਆ ਵਾਹਨ 'ਤੇ ਸਵਾਰ ਹੋ ਕੇ ਪੁੱਲ ਪਾਰ ਕੀਤਾ ਸੀ। ਇਸ ਨਾਲ ਸਮੁੱਚੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਸੀ।
ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਸੀ ਕਿ ਨੰਗਲ ਫਲਾਈਓਵਰ ਦਾ ਸੁਪਨਾ ਅੱਜ ਸਾਕਾਰ ਹੋ ਗਿਆ ਹੈ। ਨੰਗਲ ਸ਼ਹਿਰ ਦੇ ਵਾਸੀ ਅਤੇ ਆਸ ਪਾਸ ਪਿੰਡਾਂ ਦੇ ਲੋਕ ਤਕਰੀਬਨ ਪਿਛਲੇ 6 ਸਾਲਾਂ ਤੋਂ ਲੰਬਾ ਸੰਤਾਪ ਝੱਲ ਰਹੇ ਸਨ। ਚੰਡੀਗੜ੍ਹ ਤੋਂ ਨੰਗਲ ਵਾਲੀ ਸਾਈਡ ਸ਼ੁਰੂ ਕਰ ਦਿੱਤੀ ਹੈ। ਟ੍ਰੈਫਿਕ ਮਾਹਿਰਾਂ ਦੀ ਸਹਿਮਤੀ ਤੋਂ ਬਾਅਦ ਦੂਸਰੀ ਸਾਈਡ ਵੀ ਜਲਦੀ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : India vs Australia Final Highlights: ਆਸਟ੍ਰੇਲੀਆ ਨੇ 6ਵੀਂ ਵਾਰ ਚੁੰਮੀ ਵਿਸ਼ਵ ਕੱਪ ਦੀ ਟ੍ਰਾਫੀ; ਭਾਰਤ ਨੂੰ ਘਰ 'ਚ ਵੜ ਕੇ ਕੀਤਾ ਚਿੱਤ